Harsimrat Kaur Badal announces : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਸਬਜ਼ੀ ਤੇ ਫਲ ਕਾਸ਼ਤਕਾਰਾਂ ਲਈ ਵੱਡਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ PM ਨਰਿੰਦਰ ਮੋਦੀ ਵਲੋਂ ਵੀ ਦੇਸ਼ ਨੂੰ ਆਤਮ ਨਿਰਭਰ ਬਣਾਉਣ ਤਹਿਤ ਕਈ ਵੱਡੇ ਐਲਾਨ ਕੀਤੇ ਗਏ ਸਨ। ਬੀਬਾ ਬਾਦਲ ਨੇ ਕਿਹਾ ਕਿ ਹੁਣ ਸਾਰੀਆਂ ਸਬਜ਼ੀਆਂ ਤੇ ਫਲਾਂ ‘ਤੇ ਸਬਸਿਡੀ ਦਾ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਮੰਤਰਾਲੇ ਵਲੋਂ ਉਤਪਾਦਨ ਖੇਤਰ ਤੋਂ ਲੈ ਕੇ ਵੱਡੇ ਖਪਤ ਕੇਂਦਰਾਂ ਤਕ ਫਸਲਾਂ ਦੀ ਆਵਾਜਾਈ ਦੇ ਨਾਲ ਭੰਡਾਰਨ ਲਈ 50 ਫੀਸਦੀ ਤਕ ਸਬਸਿਡੀ ਦਿੱਤੀ ਜਾਵੇਗੀ। ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੀ ਫੇਸਬੁੱਕ ਅਕਾਊਂਟ ‘ਤੇ ਵੀ ਇਸ ਪੋਸਟ ਨੂੰ ਸ਼ੇਅਰ ਕੀਤਾ ਹੈ ਤੇ ਕਿਹਾ ਹੈ ਕਿ ਕਿਸਾਨਾਂ ਤੇ ਸਬੰਧਤ ਸੰਸਥਾਵਾਂ ਨੂੰ ਆਤਮ ਨਿਰਭਰ ਭਾਰਤ ਦੀ ਇਸ ਯੋਜਨਾ ਦਾ ਫਾਇਦਾ ਚੁੱਕਣਾ ਚਾਹੀਦਾ ਹੈ।
ਲੌਕਡਾਊਨ ਕਾਰਨ ਫਲ ਤੇ ਸਬਜ਼ੀਆਂ ਦੇ ਕਾਸ਼ਤਕਾਰਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਤਾਲਾਬੰਦੀ ਦਾ ਅਸਰ ਫਸਲ ਦੀ ਕਟਾਈ ‘ਤੇ ਵੀ ਪਿਆ। ਇਸ ਲਈ ਫੂਡ ਪ੍ਰੋਸੈਸਿੰਗ ਮੰਤਰਾਲੇ ਵਲੋਂ ਆਪ੍ਰੇਸ਼ਨ ਗ੍ਰੀਨ ਸਕੀਮ ਅਧੀਨ ਟਮਾਟਰ, ਪਿਆਜ਼ ਤੇ ਆਲੂ ਦੀਆਂ ਫਸਲਾਂ ਤੋਂ ਇਲਾਵਾ ਬਾਕੀ ਸਾਰੀਆਂ ਫਸਲਾਂ ਨੂੰ ਵੀ ਇਸ ਸਕੀਮ ਵਿਚ ਸ਼ਾਮਲ ਕੀਤਾ ਗਿਆ ਹੈ। ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਹੁਣ ਹਰੇਕ ਸਬਜ਼ੀ ਤੇ ਫਲ ‘ਤੇ ਕਿਸਾਨਾਂ ਤੇ ਕਾਸ਼ਤਕਾਰਾਂ ਨੂੰ ਸਬਸਿਡੀ ਦਾ ਲਾਭ ਮਿਲ ਸਕੇਗਾ।