Health Minister Inaugurates : ਕੋਵਿਡ-19 ਖ਼ਿਲਾਫ਼ ਵਿੱਢੀ ਗਈ ਜੰਗ “ਮਿਸ਼ਨ ਫ਼ਤਿਹ” ਦੀ ਸਫ਼ਲਤਾ ਲਈ ਸਿਹਤ ਵਿਭਾਗ ਵੱਲੋਂ 30 ਸਤੰਬਰ, 2020 ਤੱਕ ਡਾਕਟਰਾਂ ਸਮੇਤ ਪੈਰਾ ਮੈਡੀਕਲ ਸਟਾਫ਼ ਤੇ ਹੋਰ ਅਮਲੇ ਦੀਆਂ ਲੱਗਭੱਗ 4000 ਅਸਾਮੀਆਂ ਭਰੀਆਂ ਜਾਣਗੀਆਂ। ਤਰਨਤਾਰਨ ਵਿਖੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ 6 ਕਰੋੜ ਰੁਪਏ ਦੀ ਲਾਗਤ ਨਾਲ ਬਣੇ 50 ਬੈੱਡ ਦੇ “ਮਾਈ ਦੌਲਤਾਂ ਜੱਚਾ-ਬੱਚਾ ਹਸਪਤਾਲ” ਦਾ ਉਦਘਾਟਨ ਕੀਤਾ। ਇਸ ਮੌਕੇ ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਬੀਰ ਅਗਨੀਹੋਤਰੀ, ਹਲਕਾ ਵਿਧਾਇਕ ਪੱਟੀ ਸ੍ਰ. ਹਰਮਿੰਦਰ ਸਿੰਘ ਗਿੱਲ, ਹਲਕਾ ਵਿਧਾਇਕ ਬਾਬਾ ਬਕਾਲਾ ਸ੍ਰੀ ਸੰਤੋਖ ਸਿੰਘ ਭਲਾਈਪੁਰ, ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਅਤੇ ਐੱਸ. ਐੱਸ. ਪੀ. ਸ੍ਰੀ ਧਰੁਵ ਦਹੀਆਂ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ 37 ਜੱਚਾ-ਬੱਚਾ ਹਸਪਤਾਲਾਂ ਦਾ ਨਾਮ ਪਹਿਲੀ ਪਾਤਸ਼ਾਹੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਸਾਂਭ ਸੰਭਾਲ ਕਰਨ ਵਾਲੇ ਦਾਈ ਮਾਈ ਦੌਲਤਾਂ ਦੇ ਨਾਮ ਉੱਤੇ ‘ਮਾਈ ਦੌਲਤਾਂ ਜੱਚਾ-ਬੱਚਾ ਹਸਪਤਾਲ’ ਰੱਖਣ ਦਾ ਫੈਸਲਾ ਕੀਤਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਵਿਭਾਗ ਦੇ ਸਿਖ਼ਲਾਈ ਯਾਫ਼ਤਾ ਸਟਾਫ ਨਰਸਾਂ, ਏ. ਐਨ. ਐਮ. ਹੋਰ ਸਟਾਫ ਵਲੋਂ ਨਿਭਾਏ ਜਾ ਰਹੇ ਬਹੁਤ ਹੀ ਮਹੱਤਵਪੂਰਨ ਕਾਰਜਾਂ ਨੂੰ ਵੀ ਢੁੱਕਵੀਂ ਮਾਨਤਾ ਮਿਲੇਗੀ ਅਤੇ ਉਹ ਪੂਰੀ ਈਮਾਨਦਾਰੀ ਨਾਲ ਕੰਮ ਕਰਨਗੇ.
ਪੰਜਾਬ ਵਿਚ ਬਣਾਏ ਜਾ ਰਹੇ ‘ਮਾਈ ਦੌਲਤਾਂ ਜੱਚਾ-ਬੱਚਾ ਹਸਪਤਾਲ’ ਮਾਵਾਂ ਅਤੇ ਛੋਟੇ ਬੱਚਿਆਂ ਦੀ ਸਿਹਤ ਅਤੇ ਸਾਂਭ-ਸੰਭਾਲ ਦੇ ਖੇਤਰ ਵਿਚ ਨਵਾਂ ਮੀਲ ਪੱਥਰ ਸਿੱਧ ਹੋਣਗੇ।ਉਹਨਾਂ ਕਿਹਾ ਕਿ ਸੂਬੇ ਵਿਚ ਕੁੱਲ ਬਣਨ ਵਾਲੇ 37 ‘ਮਾਈ ਦੌਲਤਾਂ ਜੱਚਾ-ਬੱਚਾ ਹਸਪਤਾਲ’ ਵਿਚੋਂ 26 ਪਹਿਲਾਂ ਹੀ ਮੁਕੰਮਲ ਹੋ ਚੁੱਕੇ ਹਨ ਜਦੋਂ ਕਿ ਬਾਕੀ ਰਹਿੰਦੇ 11 ਹਸਪਤਾਲ ਵੀ ਇਕ ਸਾਲ ਦੌਰਾਨ ਮੁਕੰਮਲ ਹੋ ਜਾਣਗੇ। ਸ. ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਜਲਦ ਹੀ ਸਿਹਤ ਸੇਵਾਵਾਂ ਦਾ ਆਧੁਨਿਕੀਕਰਨ ਕਰਕੇ ਕੰਪਿਊਟ੍ਰਾਈਜੇਸ਼ਨ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਪੰਜਾਬ ‘ਚ 9 ਟਰੌਮਾ ਸੈਂਟਰ ਬਣਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਸਾਰੇ ਹਸਪਤਾਲਾਂ ‘ਚ ਨਿਜੀ ਭਾਈਵਾਲੀ ਨਾਲ ਸੀ.ਟੀ. ਸਕੈਨ ਅਤੇ ਅਲਟਰਾਸਾਊਂਡ ਦੀਆਂ ਸਹੂਲਤਾਂ ਪੀ.ਜੀ.ਆਈ. ਤੇ ਏਮਜ ਦੇ ਰੇਟਾਂ ‘ਤੇ ਜਲਦ ਸ਼ੁਰੂ ਹੋਣ ਜਾ ਰਹੀਆਂ ਹਨ, ਜਿਸ ਨਾਲ ਆਮ ਲੋਕਾਂ ਨੂੰ ਆਸਾਨੀ ਨਾਲ ਸਿਹਤ ਸਹੂਲਤਾਂ ਮਿਲ ਸਕਣਗੀਆਂ।