Health Minister launches : ਮੋਹਾਲੀ : ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵੱਲੋਂ ਮੋਹਾਲੀ ਦੇ ਪਿੰਡ ਜੁਝਾਰ ਵਿਖੇ ਤਿੰਨ ਰੋਜ਼ਾ ‘ਪਲੱਸ ਪੋਲੀਓ ਮੁਹਿੰਮ’ ਦੀ ਸ਼ੁਰੂਆਤ ਕੀਤੀ ਗਈ ਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ। ਸਿਹਤ ਮੰਤਰੀ ਨੇ ਦੱਸਿਆ ਕਿ SNID ਸਬ-ਨੈਸ਼ਨਲ ਇਮੀਨਾਈਜੇਸ਼ਨ ਡੇਅ ਮੁਹਿੰਮ ਤਹਿਤ 20 ਤੋਂ 22 ਸਤੰਬਰ ਤੱਕ ਪੰਜਾਬ ਭਰ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਸਿਹਤ ਮੰਤਰੀ ਨੇ ਕਿਹਾ ਕਿ ਇਸ ਮੁਹਿੰਮ ਤਹਿਤ 6,80,800 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਟੀਚਾ ਰੱਖਿਆ ਗਿਆ ਹੈ।
ਪੱਲਸ ਪੋਲੀਓ ਮੁਹਿੰਮ ਤਹਿਤ 5530 ਟੀਮਾਂ ਬਣਾਈਆਂ ਗਈਆਂ ਹਨ ਜੋ ਘਰ-ਘਰ ਜਾ ਕੇ ਬੱਚਿਆਂ ਨੂੰ ਦਵਾਈ ਪਿਆਉਣਗੀਆਂ ਤੇ ਮੁਹਿੰਮ ਨੂੰ ਸਫਲ ਬਣਾਇਆ ਜਾਵੇਗਾ। ਕੋਰੋਨਾ ਮਹਾਮਾਰੀ ਕਾਰਨ ਇਸ ਮੁਹਿੰਮ ਅਧੀਨ ਪ੍ਰਵਾਸੀ ਆਬਾਦੀ, ਭੱਠੇ, ਨਿਰਮਾਣ ਸਥਾਨ ਤੇ ਉੱਚ ਜੋਖਮ ਵਾਲੇ ਖੇਤਰ ਕਵਰ ਕੀਤੇ ਜਾਣਗੇ। ਇਸ ਮੁਹਿੰਮ ਦੌਰਾਨ ਕੋਰੋਨਾ ਵਾਇਰਸ ਮਹਾਮਾਰੀ ਦੀ ਰੋਕਥਾਮ ਲਈ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਪੱਲਸ ਪੋਲੀਓ ਦੀਆਂ ਬੂੰਦਾਂ ਜ਼ਰੂਰ ਪਿਲਾਈਆਂ ਜਾਣ ਤਾਂ ਜੋ ਬੱਚਿਆਂ ਨੂੰ ਇਸ ਖਤਰਨਾਕ ਬੀਮਾਰੀ ਤੋਂ ਬਚਾਇਆ ਜਾ ਸਕੇ। ਵੈਕਸੀਨੇਟਰ 14749 ਹਨ ਤੇ ਸਮੁੱਚੀ ਮੁਹਿੰਮ ‘ਤੇ ਨਜ਼ਰ ਰੱਖਣ ਵਾਲੇ ਸੁਪਰਵਾਈਜ਼ਰਾਂ ਦੀ ਗਿਣਤੀ 1031 ਹੈ। 11965 ਆਸ਼ਾ ਵਰਕਰ ਅਤੇ 3097 ANM ਵਰਕਰ ਇਸ ਮੁਹਿੰਮ ‘ਚ ਸ਼ਾਮਲ ਹਨ।