High profile gambling : ਜਿਲ੍ਹਾ ਜਲੰਧਰ ਵਿਖੇ ਸਪੈਸ਼ਲ ਆਪ੍ਰੇਸ਼ਨ ਯੂਨਿਟ (SOU) ਦੀ ਟੀਮ ਵਲੋਂ ਨਰੂਲਾ ਪੈਲੇਸ ਕੋਲੋਂ ਚੱਲ ਰਹੇ ਹਾਈ ਪ੍ਰੋਫਾਈਲ ਜੂਏ ਦੇ ਅੱਡੇ ਦਾ ਪਰਦਾਫਾਸ਼ ਕੀਤਾ। ਪੁਲਿਸ ਵਲੋਂ ਲਗਭਗ 4 ਲੱਖ ਦੀ ਨਕਦੀ ਸਮੇਤ 8 ਜੁਆਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਦੇਰ ਰਾਤ ਇਨ੍ਹਾਂ ਜੁਆਰੀਆਂ ਨੂੰ ਛੁਡਵਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਤੇ ਪੁਲਿਸ ਵਲੋਂ ਵੀ ਮਾਮਲੇ ਨੂੰ ਦਬਾਏ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ।
ਪੁਲਿਸ ਵਲੋਂ ਬੀਤੀ ਰਾਤ ਲਗਭਗ 10.30 ਵਜੇ ਜੂਆ ਫੜਿਆ ਗਿਆ ਪਰ ਪੁਲਿਸ ਵਲੋਂ ਇਸ ‘ਤੇ ਕੋਈ ਕਾਰਵਾਈ ਦੇਰ ਰਾਤ 1.00 ਵਜੇ ਤਕ ਨਹੀਂ ਕੀਤੀ ਗਈ ਸੀ। SOU ਦੇ ਇੰਚਾਰਜ ਅਸ਼ਵਨੀ ਨੰਦਾ ਨੇ ਦੱਸਿਆ ਕਿ ਉਨ੍ਹਾਂ ਨੇ ਜੂਆ ਫੜਿਆ ਹੈ ਪਰ ਪੁਲਿਸ ਵਲੋਂ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ। ਪੁਲਿਸ ਵਾਰ-ਵਾਰ ਕਹਿ ਰਹੀ ਹੈ ਕਿ ਮਾਮਲਾ ਦਰਜ ਕਰ ਲਿਆ ਜਾਵੇਗਾ ਪਰ ਕਾਰਵਾਈ ਕਰਨ ਵਿਚ ਪੁਲਿਸ ਵਲੋਂ ਕਾਫੀ ਆਨਾਕਾਨੀ ਕੀਤੀ ਜਾਂਦੀ ਰਹੀ। ਪੁਲਿਸ ਨੇ ਮੌਕੇ ਤੋਂ ਮੋਨੂੰ ਨਾਂ ਦੇ ਵਿਆਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਹਿਊਮਨ ਰਾਈਟਸ ਦੇ ਪ੍ਰਧਾਨ ਸ਼ਸ਼ੀ ਸ਼ਰਮਾ ‘ਤੇ ਹੋਏ ਹਮਲੇ ਦੇ ਦੋਸ਼ੀਆਂ ਦਾ ਸਾਥੀ ਹੈ।
ਕੁਝ ਦਿਨ ਪਹਿਲਾਂ ਪੁਲਿਸ ਵਲੋਂ ਗੁਰੂ ਅਮਰਦਾਸ ਨਗਰ ਤੋਂ ਵੀ ਹਾਈ ਪ੍ਰੋਫਾਈਲ ਜੂਆ ਫੜਿਆ ਗਿਆ ਸੀ। ਇਸ ਵਿਚ ਅੰਮ੍ਰਿਤਸਰ ਦੇ ਕਾਫੀ ਲੋਕ ਫੜੇ ਗਏ ਸਨ। ਉਨ੍ਹਾਂ ਵਿਚੋਂ ਇਕ ਜੁਆਰੀ ਕੋਰੋਨਾ ਪਾਜੀਟਿਵ ਵੀ ਪਾਇਆ ਗਿਆ ਸੀ ਜਿਸ ਨਾਲ ਕਈ ਪੁਲਿਸ ਕਰਮਚਾਰੀ ਵੀ ਕੋਰੋਨਾ ਦੀ ਪਕੜ ਵਿਚ ਆ ਗਏ ਸਨ। ਇਸ ਤੋਂ ਬਾਅਦ ਪੁਲਿਸ ਵਲੋਂ ਪੂਰੀ ਅਹਿਤਿਆਤ ਨਾਲ ਜੁਆਰੀਆਂ ਨੂੰ ਫੜਿਆ ਜਾ ਰਿਹਾ ਹੈ। ਫੜੇ ਗਏ ਸਾਰੇ ਜੁਾਰੀਆਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ।