Hoshiarpur’s prestige enrolled : ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੀ ਪ੍ਰਤਿਸ਼ਠਾ ਨੇ Oxford ਯੂਨੀਵਰਿਸਟੀ ਵਿਚ ਦਾਖਲਾ ਲੈ ਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਆਕਸਫੋਰਡ ਵਿਚ ਦਾਖਲਾ ਲੈਣ ਵਾਲੀ ਉਹ ਪੰਜਾਬ ਦੀ ਪਹਿਲੀ ਦਿਵਿਆਂਗ ਕੁੜੀ ਹੈ। ਉਹ ਆਕਸਫੋਰਡ ਯੂਨੀਵਰਿਸਟੀ ਤੋਂ ਪਬਲਿਕ ਪਾਲਿਸੀ ਵਿਚ ਮਾਸਟਰ ਡਿਗਰੀ ਦੀ ਪੜ੍ਹਾਈ ਕਰੇਗੀ। ਉਸ ਦੀਆਂ ਕਲਾਸਾਂ ਸਤੰਬਰ ਤੋਂ ਸ਼ੁਰੂ ਹੋਣਗੀਆਂ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਕਾਨਫਰਸਿੰਗ ਰਾਹੀਂ ਉਸ ਦਾ ਹੌਸਲਾ ਵਧਾਇਆ ਹੈ। 21 ਸਾਲਾ ਪ੍ਰਤਿਸ਼ਠਾ ਦਾ ਸੁਪਨਾ ਆਈ. ਐੱਸ. ਅਧਿਕਾਰੀ ਬਣਨਾ ਹੈ।
ਮੁੱਖ ਮੰਤਰੀ ਨੇ ਪ੍ਰਤਿਸ਼ਠਾ ਨਾਲ ਗੱਲ ਕਰਕੇ ਉਸ ਦਾ ਹੌਸਲਾ ਵਧਾਇਆ । ਵ੍ਹੀਲਚੇਅਰ ਦੇ ਸਹਾਰੇ ਸਫਲਤਾ ਦੀ ਮੰਜ਼ਿਲ ‘ਤੇ ਪਹੁੰਚ ਰਹੀ ਪ੍ਰਤਿਸ਼ਠਾ ਸਮਾਜ ਲਈ ਕਿਸੇ ਉਦਾਹਰਣ ਤੋਂ ਘੱਟ ਨਹੀਂ ਹੈ। ਉਸ ਸਮਾਜ ਲਈ ਕੁਝ ਕਰਨਾ ਚਾਹੁੰਦੀ ਹੈ। ਆਪਣੇ ਬਾਰੇ ਦੱਸਦਿਆਂ ਪ੍ਰਤਿਸ਼ਠਾ ਨੇ ਦੱਸਿਆ ਕਿ ਉਹ ਸਿਵਲ ਸੇਵਾ ਵਿਚ ਜਾਣਾ ਚਾਹੁੰਦੀ ਸੀ ਪਰ ਇਕ ਹਾਦਸੇ ਦੌਰਾਨ ਉਸ ਦੀਆਂ ਉਮੀਦਾਂ ਨੂੰ ਥੋੜ੍ਹਾ ਝਟਕਾ ਲੱਗਾ ਪਰ ਉਸ ਨੇ ਆਪਣੇ ਹੌਸਲੇ ਨੂੰ ਬਰਕਰਾਰ ਰੱਖਿਆ। 2011 ਵਿਚ 13 ਸਾਲ ਦੀ ਉਮਰ ਵਿਚ ਕਾਰ ਹਾਦਸੇ ਵਿਚ ਉਸ ਦੀ ਰੀੜ੍ਹ ਦੀ ਹੱਡੀ ‘ਤੇ ਕਾਫੀ ਡੂੰਘੀ ਸੱਟ ਲੱਗਣ ਕਾਰਨ ਉਸ ਨੂੰ ਪੈਰਾਲਾਈਜ ਹੋ ਗਿਆ। ਉਦੋਂ ਤੋਂ ਹੀ ਉਹ ਵ੍ਹੀਲਚੇਅਰ ‘ਤੇ ਹੈ। ਪੰਜ ਸਾਲ ਤਕ ਉਸ ਘਰ ਤੋਂ ਬਾਹਰ ਨਹੀਂ ਜਾ ਸਕੀ ਤੇ ਪਰਿਵਾਰ ਵਾਲਿਆਂ ਦੇ ਸਹਿਯੋਗ ਤੇ ਆਪਣੀ ਮਿਹਨਤ ਸਦਕਾ ਉਸ ਨੇ 12ਵੀਂ ਵਿਚ ਟੌਪ ਕੀਤਾ। ਇਸ ਤੋਂ ਬਾਅਦ ਉਸ ਨੇ ਦਿੱਲੀ ਯੂਨੀਵਰਿਸਟੀ ਦੇ ਲੇਡੀ ਸ਼੍ਰੀਰਾਮ ਕਾਲਜ ਫਾਰ ਵੂਮੈਨ ਵਿਚ ਰਾਜਨੀਤੀ ਸ਼ਾਸਤਰ ਵਿਚ ਬੀ. ਏ. ਆਨਰਸ ਕੀਤੀ।
ਪ੍ਰਤਿਸ਼ਠਾ ਨੇ ਦੱਸਿਆ ਕਿ ਦਿੱਲੀ ਵਿਚ ਰਹਿਣ ਦਾ ਉਸ ਦਾ ਸਫਰ ਕਾਫੀ ਮੁਸ਼ਕਲਾਂ ਭਰਿਆ ਸੀ ਕਿਉਂਕਿ ਵ੍ਹੀਲਚੇਅਰ ਲੈ ਕੇ ਬੱਸ ਰਾਹੀਂ ਸਫਰ ਕਰਨਾ ਮੁਮਕਿਨ ਨਹੀਂ ਸੀ ਇਸ ਲਈ ਉਸ ਨੇ ਕੈਬ ਰਾਹੀਂ ਸਫਰ ਤੈਅ ਕਰਕੇ ਆਪਣੀ ਪੜ੍ਹਾਈ ਨੂੰ ਪੂਰਾ ਕੀਤਾ।