Important decisions taken : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 22 ਜੂਨ ਨੂੰ ਪੰਜਾਬ ਵਜਾਰਤ ਦੀ ਮੀਟਿੰਗ ਬੁਲਾਈ ਗਈ ਸੀ। ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਮੰਤਰੀ ਮੰਡਲ ਵਲੋਂ ਭਾਰਤ-ਚੀਨ ਝੜੱਪ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਮੀਟਿੰਗ ਵਿਚ ਸਾਰੇ ਕੈਬਨਿਟ ਮੈਂਬਰਾਂ ਵਲੋਂ ਦੋ ਮਿੰਟ ਦਾ ਮੌਨ ਰੱਖਿਆ ਗਿਆ। ਕੈਬਨਿਟ ਦੀ ਇਸ ਮੀਟਿੰਗ ਵਿਚ ਕਈ ਮਹੱਤਵਪੂਰਨ ਫੈਸਲੇ ਵੀ ਲਏ ਗਏ। ਕੈਬਿਨਟ ਵਲੋਂ ਕਮਿਸ਼ਨ ਨੂੰ ਪ੍ਰਬੰਧਕੀ, ਤਕਨੀਕੀ ਅਤੇ ਕਾਨੂੰਨੀ ਸਹਾਇਤਾ ਪ੍ਰਦਾਨ ਕਰਦਿਆਂ ਕਮਿਸ਼ਨ ਲਈ 12 ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ।
ਵੈਟਰਨਰੀ ਕਾਲਜ ਰਾਮਪੁਰਾ ਫੂਲ ਨੂੰ ਵੈਟਰਨਰੀ ਕੌਂਸਲ ਆਫ ਇੰਡੀਆ(ਵੀ.ਸੀ.ਆਈ.) ਦੇ ਨਿਯਮਾਂ ਅਨੁਸਾਰ ਪੂਰਾ ਸਟਾਫ ਭਰਤੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਜਿਸ ਨਾਲ ਇਹ ਕਾਲਜ ਹੋਰ ਵਧੀਆ ਤਰੀਕੇ ਨਾਲ ਕੰਮਕਾਜ ਕਰ ਸਕੇਗਾ। ਖਰੜ ਦੀ ਕੈਮੀਕਲ ਐਗਜ਼ਾਮੀਨਰ ਲੈਬਾਰਟਰੀ ਵਿੱਚ ਵਿਸਰਾ, ਬਲੱਡ ਅਲਕੋਹਲ ਤੇ ਐਕਸਾਈਜ਼ ਦੇ ਸੈਂਪਲਾਂ ਦੇ ਲੰਬਿਤ ਮਾਮਲਿਆਂ ਨੂੰ ਘਟਾਉਣ ਲਈ ਮੰਤਰੀ ਮੰਡਲ ਨੇ ਅੱਜ ਜਲੰਧਰ ਵਿਖੇ ਨਵੀਂ ਕੈਮੀਕਲ ਲੈਬਾਰਟਰੀ ਸਥਾਪਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ। ਸਾਲਾਨਾ 42.31 ਲੱਖ ਰੁਪਏ ਦੇ ਵਿੱਤੀ ਖਰਚਿਆਂ ਨਾਲ 21 ਅਸਾਮੀਆਂ ਦੀ ਰਚਨਾ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਪੰਜਾਬ ਮੰਤਰੀ ਮੰਡਲ ਵੱਲੋਂ ਜਾਂਚ ਬਿਊਰੋ ਕੇਡਰ ਦੇ ਸੁਬਾਰਡੀਨੇਟ ਰੈਂਕਾਂ (ਸਿਪਾਹੀ ਤੋਂ ਇੰਸਪੈਕਟਰਾਂ ਤੱਕ) ਦੀ ਭਰਤੀ/ਨਿਯੁਕਤੀਆਂ ਅਤੇ ਸੇਵਾ ਸ਼ਰਤਾਂ ਦੇ ਪ੍ਰਸ਼ਾਸਕੀ ਪ੍ਰਬੰਧਨ ਲਈ ਪੰਜਾਬ ਪੁਲੀਸ ਜਾਂਚ ਕੇਡਰ ਸੁਬਾਰਡੀਨੇਟ ਰੈਂਕਾਂ ( ਨਿਯੁਕਤੀ ਅਤੇ ਸਰਵਿਸ ਸੇਵਾ ਸ਼ਰਤਾਂ) ਨਿਯਮਾਂ 2020 ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ।
ਮੰਤਰੀ ਮੰਡਲ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਲੜੀ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤਰੀ ਕੈਂਪਸ, ਫੱਤੂ ਢੀਂਗਰਾ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਕਾਂਸਟੀਚਿਊਟ ਕਾਲਜ ਵਜੋਂ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਲੜਕੀਆਂ) ਵਿਖੇ ਤਬਦੀਲ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਮੰਤਰੀ ਮੰਡਲ ਵੱਲੋਂ ਛੋਟ (ਡਿਸਕਾਊਂਟ) ਅਤੇ ਵਿਹਾਰਕ ਮੁੱਲ (ਫੇਸ ਵੈਲਿਊ ) ਦੀਆਂ ਪਰਿਭਾਸ਼ਾਵਾਂ ਜੋੜਦਿਆਂ ਪੰਜਾਬ ਸਟੇਟ ਲਾਟਰੀਜ਼ ਨਿਯਮਾਂ 2015 ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸੋਧ ਆਮਦਨ ਵਧਾਉਣ ਲਈ ਸੂਬੇ ਅੰਦਰ ਨਵੀਆਂ ਹਫਤਾਵਾਰੀ ਲਾਟਰੀਆਂ ਸ਼ੁਰੂ ਕਰਨ ਵਿੱਚ ਸੰਭਵ ਮਦਦ ਕਰੇਗੀ।