In Gurdaspur ruthless : ਗੁਰਦਾਸਪੁਰ ਦੇ ਪਿੰਡ ਬਾਜੇਚੱਕ ਵਿੱਚ ਇਕ ਨੂੰਹ ਨੇ ਆਪਣੀ 43 ਸਾਲਾਂ ਸੱਸ ਨੂੰ ਪੈਟਰੋਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਹੈ । ਅੱਗ ਲੱਗਣ ਨਾਲ ਸੱਸ 50 ਫੀਸਦੀ ਸੜ ਗਈ ਹੈ। ਸੱਸ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੀੜਤ ਨਰਿੰਦਰ ਕੌਰ ਨੇ ਦੱਸਿਆ ਕਿ ਉਸਦਾ ਪੁੱਤਰ ਡਰਾਇਵਰੀ ਦਾ ਕੰਮ ਕਰਦਾ ਹੈ ਅਤੇ ਬਾਹਰ ਰਹਿੰਦਾ ਹੈ। ਉਸਦੀ ਨੂੰਹ ਅਕਸਰ ਹੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਨਾਲ ਲੜਦੀ ਰਹਿੰਦੀ ਹੈ। ਅੱਜ ਜਦ ਉਹ ਖੇਤਾਂ ਵਿਚੋਂ ਝੋਨਾ ਲਗਾ ਕੇ ਵਾਪਸ ਆ ਕੇ ਸੌਂ ਗਈ ਤਾਂ ਉਸ ਦੀ ਨੂੰਹ ਨੇ ਮੋਟਰਸਾਈਕਲ ਵਿਚੋਂ ਪੈਟਰੋਲ ਕੱਢ ਕੇ ਉਸ ਉਪਰ ਪਾ ਕੇ ਉਸਨੂੰ ਅੱਗ ਲਗਾ ਦਿੱਤੀ। ਜਿਸ ਤੋਂ ਬਾਅਦ ਅੱਧ ਸੜੀ ਹਾਲਤ ਵਿੱਚ ਉਸ ਨੇ ਨਲਕੇ ਤੇ ਜਾ ਕੇ ਅੱਗ ਬੁਝਾਈ। ਆਲੇ-ਦੁਆਲੇ ਦੇ ਕੁੱਝ ਲੋਕਾਂ ਨੇ ਐਂਬੂਲੈਂਸ ਬੁਲਾ ਕੇ ਉਸਨੂੰ ਹਸਪਤਾਲ ਭੇਜਿਆ।
ਇਸ ਬਾਰੇ ਪੀੜਤ ਦੀ ਧੀ ਨੇ ਦੱਸਿਆ ਹੈ ਕਿ ਮੇਰੇ ਭਰਾ ਨੇ ਫੋਨ ਕੀਤਾ ਕਿ ਮੰਮੀ ਨੂੰ ਅੱਗ ਲੱਗ ਗਈ ਹੈ। ਜਦੋ ਮੈਂ ਆਈ ਉਸ ਵਕਤ ਨੂੰ ਹਸਪਤਾਲ ਭਰਤੀ ਹੋ ਗਈ ਸੀ ਅਤੇ ਧੀ ਨੇ ਦੱਸਿਆ ਕਿ ਮੰਮੀ ਨੇ ਕਿਹਾ ਹੈ ਕਿ ਨੂੰਹ ਨੇ ਮੈਨੂੰ ਅੱਗ ਲਈ ਹੈ। ਇਸ ਤੋਂ ਪਹਿਲਾ ਵੀ ਭਾਬੀ ਨੇ ਮੰਮੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਸਾਡਾ ਪਰਿਵਾਰ ਇਨਸਾਫ ਦੀ ਮੰਗ ਕਰਦਾ ਹੈ। SHO ਕੁਲਵੰਤ ਸਿੰਘ ਨੇ ਦੱਸਿਆ ਕਿ ਸੱਸ ਦੀ ਹਾਲਤ ਨਾਜ਼ੁਕ ਹੈ। ਪੀੜਤਾ ਦੀ ਧੀ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।