In Khalra a : ਕੋਰੋਨਾ ਕਾਲ ਵਿਚ ਜਿਥੇ ਇਕ ਪਾਸੇ ਪੁਲਿਸ ਮੁਲਾਜ਼ਮਾਂ ਵਲੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ ਉਥੇ ਦੂਜੇ ਪਾਸੇ ਕੁਝ ਅਜਿਹੇ ਪੁਲਿਸ ਮੁਲਾਜ਼ਮ ਵੀ ਹਨ ਜੋ ਆਪਣੇ ਕਾਰਨਾਮਿਆਂ ਕਾਰਨ ਪੂਰੀ ਪੁਲਿਸ ਫੋਰਸ ‘ਤੇ ਸਵਾਲ ਖੜ੍ਹੇ ਕਰ ਦਿੰਦੇ ਹਨ। ਤਰਨਤਾਰਨ ਦੇ ਕਸਬਾ ਖਾਲੜਾ ਵਿਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਨਹਿਰ ਵਿਚ ਨਹਾਉਣ ਗਏ 6 ਬੱਚਿਆਂ ਨੂੰ ਥਾਣਾ ਖਾਲੜਾ ਦੇ ASI ਸਰਬਜੀਤ ਸਿੰਘ ਨੇ ਡੰਡੇ ਨਾਲ ਬੁਰੀ ਤਰ੍ਹਾਂ ਕੁੱਟਿਆ।
ਸਰਬਜੀਤ ਸਿੰਘ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਉਸ ਨੇ ਪਹਿਲਾਂ ਤਾਂ ਬੱਚਿਆਂ ਨੂੰ ਬਹੁਤ ਕੁੱਟਿਆ ਤੇ ਫਿਰ ਉਨ੍ਹਾਂ ਕੋਲੋਂ 200 ਊਠਕ ਬੈਠਕ ਵੀ ਕਰਵਾਈਆਂ। ਵੀਡੀਓ ਵਾਇਰਲ ਹੋਣ ਤੋਂ ਬਾਅਦ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਦਖਲ ਤੋਂ ਬਾਅਦ ਐੱਸ. ਐੱਸ. ਪੀ. ਧਰੁਮਨ ਐੱਚ ਨਿੰਬਲੇ ਨੇ ਏ. ਐੱਸ. ਆਈ. ਸਰਬਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਤੇ ਨਾਲ ਹੀ ਮਾਮਲੇ ਦੀ ਜਾਂਚ ਭਿਖੀਵਿੰਡ ਸਬ-ਡਵੀਜ਼ਨ ਦੇ ਡੀ. ਐੱਸ. ਪੀ. ਰਾਜਬੀਰ ਸਿੰਘ ਨੂੰ ਸੌਂਪ ਦਿੱਤੀ ਹੈ।
ਦਰਅਸਲ ਕਸਬਾ ਖਾਲੜਾ ਨਿਵਾਸੀ ਛੇ ਬੱਚੇ ਗਰਮੀ ਤੋਂ ਰਾਹਤ ਪਾਉਣ ਲਈ ਨਹਿਰ ‘ਚ ਨਹਾਉਣ ਚਲੇ ਗਏ। ਖਬਰ ਮਿਲਦੇ ਹੀ ਥਾਣਾ ਖਾਲੜਾ ਦਾ ਏ. ਐੱਸ. ਆਈ. ਸਰਬਜੀਤ ਸਿੰਘ ਉਥੇ ਪਹੁੰਚ ਗਿਆ ਤੇ ਬੱਚਿਆਂ ਨੂੰ ਰੋਕਣ ਦੀ ਬਜਾਏ ਉਸ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਗਰਮੀ ‘ਚ 200 ਊਠਕ ਬੈਠਕ ਕਰਵਾਈਆਂ। ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਕਿ ਏ. ਐੱਸ. ਆਈ. ਪੰਜਾਬ ਪੁਲਿਸ ਦੇ ਇਕ ਹੋਮਗਾਰਡ ਵੀ ਮੌਕੇ ‘ਤੇ ਗਿਆ ਸੀ। ਉਸ ਨੇ ਆਪਣੇ ਮੋਬਾਈਲ ‘ਤੇ ਉਕਤ ਵੀਡੀਓ ਬਣਾਈ ਅਤੇ ਵਾਇਰਲ ਕਰ ਦਿੱਤੀ। ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ASI ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਨਹਿਰ ਵਿਚ ਜਾਣ ਤੋਂ ਰੋਕਣਾ ਤਾਂ ਸਹੀ ਸੀ ਪਰ ਉਨ੍ਹਾਂ ਦੀ ਮਾਰਕੁੱਟ ਕਰਨਾ ਤੇ ਅਜਿਹੀ ਸਜ਼ਾ ਦੇਣਾ ਗਲਤ ਹੈ।