In Mohali 4 youths : ਮੋਹਾਲੀ ਵਿਖੇ ਇਕ ਦਰਦਨਾਕ ਹਾਦਸਾ ਦੀ ਖਬਰ ਮਿਲੀ ਹੈ ਜਿਥੇ ਚਾਰ ਨੌਜਵਾਨਾਂ ਨੇ ਇਕ ਬਜ਼ੁਰਗ ਨੂੰ ਟੱਕਰ ਮਾਰ ਦਿੱਤੀ ਤੇ ਉਸ ਨੂੰ ਹਸਪਤਾਲ ਲਿਜਾਣ ਦੀ ਬਜਾਏ ਉਸ ਦੀ ਲਾਸ਼ ਨੂੰ ਝਾੜੀਆਂ ਵਿਚ ਸੁੱਟ ਕੇ ਫਰਾਰ ਹੋ ਗਏ। ਗੱਡੀ ਦਾ ਨੰਬਰ ਪੀ. ਬੀ. 65ਏ. ਆਰ. 4488 ਸੀ। ਗੱਡੀ ਵਿਚ ਸਵਾਰ 4 ਨੌਜਵਾਨ ਲਹਿਰਗਾਗਾ ਦੇ ਰਹਿਣ ਵਾਲੇ ਸਨ। ਉਹ ਇਥੇ ਗੱਡੀ ਖਰੀਦਣ ਲਈ ਪੁੱਜੇ ਸਨ ਪਰ ਅਚਾਨਕ ਬੀ. ਟੈਕ ਮੌਲ ਕੋਲ ਇਕ ਬਜ਼ੁਰਗ ਦੋਧੀ ਨਾਲ ਐਕਸੀਡੈਂਟ ਹੋ ਗਿਆ। ਐਕਸੀਡੈਂਟ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਉਹ ਬਜ਼ੁਰਗ ਨੂੰ ਚੰਡੀਗੜ੍ਹ ਦੇ ਹਸਪਤਾਲ ਵਿਚ ਭਰਤੀ ਕਰਵਾ ਦੇਣ। ਇਹ ਕਹਿ ਕੇ ਉਹ ਚਾਰੋਂ ਨੌਜਵਾਨ ਉਥੋਂ ਚਲੇ ਗਏ।
ਚਾਰ ਨੌਜਵਾਨ ਬਜ਼ੁਰਗ ਨੂੰ ਹਸਪਤਾਲ ਲਿਜਾਣ ਦੀ ਬਜਾਏ ਝਾੜੀਆਂ ਵਿਚ ਸੁੱਟ ਕੇ ਫਰਾਰ ਹੋ ਗਏ। ਪਰਿਵਾਰਕ ਮੈਂਬਰ ਤੇ ਪੁਲਿਸ ਵਾਲੇ ਦੋ ਦਿਨ ਤਕ ਉਸ ਬਜ਼ੁਰਗ ਦੀ ਭਾਲ ਕਰਦੇ ਰਹੇ ਪਰ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਝਾੜੀਆਂ ਵਿਚ ਹੀ ਬਜ਼ੁਰਗ ਦੀ ਲਾਸ਼ ਦੋ ਦਿਨ ਤਕ ਪਈ ਰਹੀ ਤੇ ਮ੍ਰਿਤਕ ਦੇਹ ਦੀ ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਪਰਿਵਾਰਕ ਮੈਂਬਰਾਂ ਲਈ ਉਸ ਨੂੰ ਪਛਾਣਨਾ ਵੀ ਬਹੁਤ ਮੁਸ਼ਕਲ ਹੋ ਗਿਆ ਸੀ। ਪੁਲਿਸ ਵਲੋਂ ਇਸ ਵਿਚ ਸ਼ਾਮਲ 4 ਦੋਸ਼ੀਆਂ ਵਿਚੋਂ 3 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਸਬੰਧੀ ਥਾਣਾ ਫੇਜ਼-11 ਦੇ SHO ਜਗਦੀਪ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 4 ਵਿਅਕਤੀਆਂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਤੇ ਉਨ੍ਹਾਂ ਵਿਚੋਂ ਇਕ ਵਿਅਕਤੀ ਰਾਕੇਸ਼ ਕੁਮਾਰ ਰਾਣਾ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਲਾਸ਼ ਨੂੰ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਗਿਆ ਹੈ ਤੇ ਰਿਪੋਰਟ ਆਉਣ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।