In Mohali woman : ਮੋਹਾਲੀ ਦੇ ਫੇਜ਼-1 ਥਾਣੇ ਦੇ ਬਾਹਰ ਐਤਵਾਰ ਦੇਰ ਸ਼ਾਮ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਮੋਹਾਲੀ ਦੇ ਸਾਬਕਾ ਡੀ. ਐੱਸ. ਪੀ. ਦੇ ਰੀਡਰ ਰਹਿ ਚੁੱਕੇ ਕਾਂਸਟੇਬਲ ਨੂੰ ਉਸ ਦੀ ਪਤਨੀ ਨੇ ਹੋਟਲ ‘ਚ ਗਰਲਫ੍ਰੈਂਡ ਨਾਲ ਰੰਗੇ ਹੱਥੀਂ ਫੜ ਲਿਆ ਅਤੇ ਪੁਲਿਸ ਨੇ ਕਾਰਵਾਈ ਕਰਨ ਦੀ ਥਾਂ ਪੀੜਤ ਮਹਿਲਾ ਅਤੇ ਉਸ ਦੀ ਸਾਢੇ ਤਿੰਨ ਸਾਲ ਦੀ ਬੱਚੀ ਨੂੰ ਥਾਣੇ ਤੋਂ ਬਾਹਰ ਕੱਢ ਦਿੱਤਾ। ਇਹ ਦੋਸ਼ ਗੌਰਮਿੰਟ ਮੈਡੀਕਲ ਕਾਲਜ ਸੈਕਟਰ-32 ਵਿੱਚ ਕੰਮ ਕਰ ਰਹੇ ਨਰਸਿੰਗ ਆਫਿਸਰ ਨੇ ਆਪਣੇ ਪੰਜਾਬ ਪੁਲਿਸ ‘ਚ ਤਾਇਨਾਤ ਕਾਂਸਟੇਬਲ ਪਤੀ ‘ਤੇ ਲਗਾਏ ਹਨ।
ਦੋਸ਼ ਹੈ ਕਿ ਪੁਲਿਸ ਉਨ੍ਹਾਂ ਦੀ ਸ਼ਿਕਾਇਤ ‘ਤੇ ਇਸ ਲਈ ਕਾਰਵਾਈ ਨਹੀਂ ਕਰ ਰਹੀ ਕਿਉਂਕਿ ਉਸ ਦੇ ਪਤੀ ਮੋਹਾਲੀ ਪੁਲਿਸ ‘ਚ ਤਾਇਨਾਤ ਹਨ ਅਤੇ ਡੀ. ਐੱਸ. ਪੀ. ਦੇ ਰੀਡਰ ਰਹਿ ਚੁੱਕੇ ਹਨ। ਪਤੀ ਦੇ ਕਹਿਣ ‘ਤੇ ਪੁਲਿਸ ਨੇ ਉਸ ਦੀ ਗਰਲਫ੍ਰੈਂਡ ਨੂੰ ਥਾਣੇ ਤੋਂ ਭਜਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਬਾਹਰ ਫੜ ਲਿਆ। ਉਹ ਮੂਲ ਤੌਰ ‘ਤੇ ਫਤਿਹਗੜ੍ਹ ਸਾਹਿਬ ਦੀ ਰਹਿਣ ਵਾਲੀ ਹੈ, ਉਸ ਦਾ ਵਿਆਹ 30 ਨਵੰਬਰ 2016 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਤੋਂ ਹੀ ਉਸ ਨੂੰ ਪ੍ਰੇਸ਼ਾਨ ਕੀਤਾ ਜਾਣ ਲੱਗਾ ਸੀ। ਜਦੋਂ ਉਹ ਗਰਭਵਤੀ ਹੋਈ ਤਾਂ ਉਸ ਨੂੰ ਲਿੰਗ ਜਾਂਚ ਕਰਵਾਉਣ ਲਈ ਸਹੁਰੇ ਪਰਿਵਾਰ ਨੇ ਦਬਾਅ ਪਾਇਆ। ਉਸ ਦਾ ਪਤੀ ਬਿਨਾਂ ਤਲਾਕ ਦਿੱਤੇ ਕਿਤੇ ਹੋਰ ਰਹਿ ਰਿਹਾ ਹੈ।
ਐਤਵਾਰ ਨੂੰ ਉਸ ਨੇ ਪਤੀ ਨੂੰ ਰੰਗੇ ਹੱਥੀਂ ਫੜਿਆ ਪਰ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਸ ਦੇ ਪਤੀ ਨੇ ਮੌਕੇ ‘ਤੇ ਮੌਜੂਦ ਮੁਲਾਜ਼ਮਾਂ ਨੂੰ ਦੱਸਿਆ ਕਿ ਉਹ ਮੋਹਾਲੀ ਇੰਟੈਲੀਜੈਂਸ ਵਿੰਗ ‘ਚ ਤਾਇਨਾਤ ਹੈ ਜਿਸ ਕਾਰਨ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਥਾਣੇ ਦਾ ਗੇਟ ਬੰਦ ਕਰਕੇ ਬਾਹਰ ਕੱਢ ਦਿੱਤਾ ਗਿਆ। ਦੋਸ਼ੀ ਨੇ ਕਿਹਾ ਕਿ ਉਹ ਮਹਿਲਾ ਦੋਸਤ ਹੈ, ਉਸ ਦੀ ਪਤਨੀ ਉਸ ਤੇ ਬੇਵਜ੍ਹਾ ਸ਼ੱਕ ਕਰਦੀ ਹੈ। ਉਸ ਨੇ ਆਪਣੀ ਪਤਨੀ ਖਿਲਾਫ ਤਲਾਕ ਦਾ ਕੇਸ ਵੀ ਫਾਇਲ ਕੀਤਾ ਹੋਇਆ ਹੈ। ਫੇਜ਼-1 ਪੁਲਿਸ ਸਟੇਸ਼ਨ ਦੇ ASI ਅਮਰਜੀਤ ਸਿੰਘ ਨੇ ਕਿਹਾ ਕਿ ਦੋਵੇਂ ਪਤੀ-ਪਤਨੀ ਵੱਲੋਂ ਲਿਖਿਤ ਸ਼ਿਕਾਇਤ ਆ ਗਈ ਹੈ। ਦੋਵਾਂ ਦਾ ਤਲਾਕ ਦਾ ਕੇਸ ਕੋਰਟ ਵਿੱਚ ਚੱਲ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਚੱਲ ਰਹੀ ਹੈ।