In Punjab more : ਸੂਬੇ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਨਾਲ ਪ੍ਰਸ਼ਾਸਨ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਅਜਿਹੇ ਵਿਚ ਆਉਣ ਵਾਲੇ ਦਿਨਾਂ ‘ਚ ਕੋਰੋਨਾ ਨੂੰ ਲੈ ਕੇ ਸਰਕਾਰ ਨੇ ਰਣਨੀਤੀ ਤਿਆਰ ਕਰ ਲਈ ਹੈ। ਹੁਣੇ ਜਿਹੇ ਸਿਹਤ ਵਿਭਾਗ ਨੇ ਕੋਰੋਨਾ ਨਾਲ ਹੋ ਰਹੀਆਂ ਮੌਤਾਂ ਨੂੰ ਲੈ ਕੇ ਆਡਿਟ ਕਰਵਾਇਆ ਹੈ। ਇਸ ‘ਚ ਸਾਹਮਣੇ ਆਇਆ ਕਿ ਸ਼ਹਿਰ ਦੀ ਬਜਾਏ ਪਿੰਡਾਂ ਵਿਚ ਕੋਰੋਨਾ ਨਾਲ ਜ਼ਿਆਦਾ ਮੌਤਾਂ ਹੋਈਆਂ ਹਨ। ਵਿਭਾਗ ਦੇ ਅਧਿਕਾਰੀਆਂ ਨੇ ਪਿੰਡਾਂ ਵਿਚ ਮੌਤ ਦੇ ਕਾਰਨਾਂ ਨੂੰ ਜਾਣਨ ਲਈ ਮਰੀਜ਼ ਦੇ ਦਾਖਲ ਹੋਣ ਤੋਂ ਲੈ ਕੇ ਉਸ ਦੀ ਮੌਤ ਦੇ ਹਰ ਪਹਿਲੂ ਨੂੰ ਖੰਗਾਲਿਆ ਹੈ।
31 ਜੁਲਾਈ ਤਕ ਕੁੱਲ 382 ਮੌਤਾਂ ‘ਚ ਸ਼ਹਿਰਾਂ ‘ਚ ਮੌਤ ਦੀ ਦਰ 2.4% ਤੇ ਪੇਂਡੂ ਖੇਤਰ ‘ਚ ਇਹ ਦਰ 2.9% ਹੈ। ਹਾਲਾਂਕਿ ਪਹਿਲਾਂ ਸ਼ਹਿਰਾਂ ‘ਚ ਵੱਧ ਮੌਤਾਂ ਹੋਣ ਦੀ ਸ਼ੰਕਾ ਸੀ। ਰਿਪੋਰਟ ਵਿਚ ਸਾਹਮਣੇ ਆਇਆ ਕਿ ਪਿੰਡਾਂ ਤੋਂ ਕੁਝ ਮਰੀਜ਼ ਦੇਰੀ ਨਾਲ ਜਿਲ੍ਹਾ ਹਸਪਤਾਲ ਪਹੁੰਚਾਏ ਗਏ। ਦੂਜੇ ਪਾਸੇ ਜਿਲ੍ਹਾ ਹਸਪਤਾਲਾਂ ਵਿਚ ਹਾਲਤ ਗੰਭੀਰ ਹੋਣ ‘ਤੇ ਦੇਰੀ ਨਾਲ ਰੈਫਰ ਕੀਤੇ ਜਾਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਇਸ ਤੋਂ ਬਾਅਦ ਵਿਭਾਗ ਨੇ ਪੇਂਡੂ ਇਲਾਕਿਆਂ ਦੇ ਡਾਕਟਰਾਂ ਨੂੰ ਹਦਾਇਤ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੇ ਇਥੇ ਕੋਰੋਨਾ ਦਾ ਕੋਈ ਵੀ ਸ਼ੱਕੀ ਮਰੀਜ਼ ਆਏ ਤਾਂ ਉਸ ਨੂੰ ਤੁਰੰਤ ਹਸਪਤਾਲ ਰੈਫਰ ਕੀਤਾ ਜਾਵੇ।
ਸੂਬੇ ‘ਚ ਮੰਗਲਵਾਰ ਨੂੰ 1048 ਨਵੇਂ ਮਰੀਜ਼ ਮਿਲੇ ਅਤੇ 26 ਮੌਤਾਂ ਹੋਈਆਂ। ਲੁਧਿਆਣਾ ‘ਚ 10, ਜਲੰਧਰ ‘ਚ 3, ਮੋਹਾਲੀ, ਤਰਨਤਾਰਨ, ਬਠਿੰਡਾ ਅਤੇ ਪਟਿਆਲਾ ‘ਚ 2-2, ਕਪੂਰਥਲਾ, ਗੁਰਦਾਸਪੁਰ, ਸੰਗਰੂਰ, ਅੰਮ੍ਰਿਤਸਰ ਤੇ ਮੁਕਤਸਰ ‘ਚ 1-1 ਮਰੀਜ਼ ਨੇ ਦਮ ਤੋੜਿਆ। ਮ੍ਰਿਤਕਾਂ ਦੀ ਗਿਣਤੀ ਹੁਣ 650 ਤਕ ਪੁੱਜ ਗਈ ਹੈ। ਕੁੱਲ ਕੋਰੋਨਾ ਪੀੜਤ ਹੁਣ 26748 ਹੋ ਗਏ ਹਨ। ਇਨ੍ਹਾਂ ‘ਚੋਂ 17606 ਠੀਕ ਹੋ ਚੁੱਕੇ ਹਨ ਅਤੇ 8493 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।