ਪਟਿਆਲਾ : ਮਲੇਸ਼ੀਆ ‘ਚ ਨੌਕਰੀ ਕਰਨ ਵਾਲੇ ਪਟਿਆਲਾ ਦੇ ਨੌਜਵਾਨ ਨੇ ਯੂਰਪੀਅਨ ਦੇਸ਼ ‘ਚ ਸੈਟਲ ਹੋਣ ਲਈ ਏਜੰਟ ਦੇ ਕਹਿਣ ‘ਤੇ ਪੁਰਤਗਾਲ ਦੀ ਕੁੜੀ ਨਾਲ ਵਿਆਹ ਕਰ ਲਿਆ। ਪੁਰਤਗਾਲੀ ਲੜਕੀ ਨਾਲ ਵਿਆਹ ਦੇ ਬਦਲੇ ਯੁਵਕ ਦੇ ਪਰਿਵਾਰਕ ਮੈਂਬਰਾਂ ਨੇ 33 ਲੱਖ ਰੁਪਏ ਵੀ ਦਿੱਤੇ। ਨਵੰਬਰ 2018 ‘ਚ ਵਿਆਹ ਦੇ ਇੱਕ ਮਹੀਨੇ ਬਾਅਦ ਕੁੜੀ ਤਾਂ ਆਪਣੇ ਦੇਸ਼ ਵਾਪਸ ਆ ਗਈ ਪਰ ਨੌਜਵਾਨ ਨੂੰ ਪੁਰਤਗਾਲ ਦੀ ਬਜਾਏ ਆਸਟ੍ਰੇਲੀਆ ਭੇਜ ਦਿੱਤਾ ਗਿਆ। ਉਥੇ ਉਸ ਨੇ ਪੀ. ਆਰ. ਲਈ ਅਪਲਾਈ ਕੀਤਾ ਤੇ ਪਤਨੀ ਨੂੰ ਪੁਰਤਗਾਲ ਬੁਲਾਇਆ ਪਰ ਉਹ ਨਹੀਂ ਆਈ। ਬਾਅਦ ‘ਚ ਨੰਬਰ ਵੀ ਬੰਦ ਆਉਣ ਲੱਗਾ। ਉਦੋਂ ਨੌਜਵਾਨ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਅਹਿਸਾਸ ਹੋਇਆ ਕਿ ਇਹ ਤਾਂ ਨਕਲੀ ਵਿਆਹ ਸੀ ਤੇ ਉਹ ਠੱਗੇ ਗਏ ਹਨ।
ਆਸਟ੍ਰੇਲੀਆ ‘ਚ ਅਪਲਾਈ ਰੱਦ ਹੋਣ ਕਾਰਨ ਨੌਜਵਾਨ ਨੂੰ ਹਿਰਾਸਤ ‘ਚ ਲੈ ਕੇ ਡਿਪੋਰਟ ਕਰ ਦਿਤਾ ਗਿਆ। ਵਾਪਸ ਆਉਣ ‘ਤੇ ਉਸ ਨੂੰ ਠੱਗੀ ਬਾਰੇ ਪਤਾ ਲੱਗਾ ਤਾਂ ਥਾਣਾ ਸਿਵਲ ਲਾਈਨ ‘ਚ ਸ਼ਿਕਾਇਤ ਕੀਤੀ। ਨੌਜਵਾਨ ਮਨਿੰਦਰ ਸਿੰਘ ਦੀ ਮਾਂ ਪਰਮਜੀਤ ਕੌਰ ਨਿਵਾਸੀ ਪਾਵਰ ਕਾਲੋਨੀ ਪਟਿਆਲਾ ਦੀ ਸ਼ਿਕਾਇਤ ‘ਤੇ ਇੱਕ ਸਾਲ ਬਾਅਦ ਧੋਖਾਦੇਹੀ ਕਰਨ ਵਾਲੇ ਕ੍ਰਿਪਾਲ ਸਿੰਘ ਨਿਵਾਸੀ ਜਨਤਾ ਨਗਰ, ਧੂਰੀ ‘ਤੇ ਕੇਸ ਦਰਜ ਕੀਤਾ ਗਿਆ ਹੈ।
ਉਨ੍ਹਾਂ ਨੇ ਮਨਿੰਦਰ ਨੂੰ ਯੂਰਪ ਭੇਜਣ ਲਈ ਕ੍ਰਿਪਾਲ ਤੇ ਉਸ ਦੇ ਰਿਸ਼ਤੇਦਾਰ ਦੇ ਬੈਂਕ ਖਾਤਿਆਂ ‘ਚ 33 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ। ਕ੍ਰਿਪਾਲ ਨੇ ਮਨਿੰਦਰ ਦਾ ਆਸਟ੍ਰੇਲੀਆ ਦਾ ਵੀਜ਼ਾ ਲਗਾ ਕੇ ਕਿਹਾ ਕਿ ਉਥੇ ਜਾ ਕੇ ਪੁਰਤਗਾਲੀ ਪਤਨੀ ਨੂੰ ਬੁਲਾ ਕੇ ਉਹ ਪੀ. ਆਰ. ਲੈ ਸਕਦਾ ਹੈ। ਮਨਿੰਦਰ ਨੇ ਆਸਟ੍ਰੇਲੀਆ ਪਹੁੰਚ ਕੇ ਪਤਨੀ ਨੂੰ ਬੁਲਾਇਆ ਪਰ ਉਹ ਨਹੀਂ ਆਈ। ਆਸਟ੍ਰੇਲੀਅਨ ਪੁਲਿਸ ਨੇ ਵੀ ਉਸ ਦੇ ਬੇਟੇ ਦੇ ਕਾਗਜ਼ਾਂ ‘ਚ ਫਰਜ਼ੀਵਾੜਾ ਪਾਏ ਜਾਣ ‘ਤੇ ਉਸ ਨੂੰ ਹਿਰਾਸਤ ‘ਚ ਲੈ ਲਿਆ।