In the lure : ਮੋਗਾ: ਮੋਗਾ ਨੇੜਲੇ ਪਿੰਡ ਚੁਗਾਵਾਂ ਤੋਂ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਥੇ 8ਵੀਂ ਕਲਾਸ ‘ਚ ਪੜ੍ਹਦੀ 13 ਸਾਲਾ ਨਾਬਾਲਾਗ ਲੜਕੀ ਨੂੰ ਉਸ ਦੇ ਨਾਨੇ ਨੇ ਪੈਸਿਆਂ ਦੇ ਲਾਲਚ ਵਿੱਚ ਆ ਕੇ 30 ਸਾਲਾ ਮੁੰਡੇ ਨਾਲ ਵਿਆਹ ਦਿੱਤਾ। ਪਿੰਡ ਵਾਸੀਆਂ ਨੂੰ ਇਸ ਗੱਲ ਦਾ ਪਤਾ ਨਾ ਲੱਗੇ, ਇਸ ਲਈ ਲੜਕੀ ਦੇ ਨਾਨੇ ਨੇ ਤਰਨਤਾਰਨ ਰਿਸ਼ਤੇਦਾਰਾਂ ਕੋਲ ਲੈ ਜਾ ਕੇ ਲੜਕੀ ਦਾ ਵਿਆਹ ਕੀਤਾ। ਵਿਆਹ ਤੋਂ ਬਾਅਦ ਜਦੋਂ ਲੜਕੀ ਆਪਣੇ ਪਿੰਡ ਚੁਗਾਵਾਂ ਮਿਲਣ ਲਈ ਆਈ ਤਾਂ ਪਿੰਡ ਵਾਸੀਆਂ ਨੂੰ ਸ਼ੱਕ ਹੋਇਆ ਤੇ ਉਨ੍ਹਾਂ ਆਂਗਣਵਾੜੀ ਵਰਕਰਾਂ ਨੂੰ ਨਾਲ ਲੈ ਕੇ ਪਿੰਡ ਦੀ ਸਰਪੰਚ ਨੂੰ ਇਸ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਥਾਣਾ ਮਹਿਣਾ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲੜਕੀ, ਉਸ ਦੇ ਪਤੀ, ਸੱਸ ਤੇ ਹੋਰ ਰਿਸ਼ਤੇਦਾਰਾਂ ਨੂੰ ਹਿਰਾਸਤ ‘ਚ ਲੈ ਲਿਆ। ਇਸ ਤੋਂ ਬਾਅਦ ਮਾਮਲਾ ਬਾਲ ਵਿਕਾਸ ਵਿਭਾਗ ਮੋਗਾ ਦੇ ਧਿਆਨ ‘ਚ ਲਿਆਂਦਾ ਗਿਆ। ਆਂਗਣਵਾੜੀ ਵਰਕਰ ਗੁਰਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਨਾਨੇ ਸਤਨਾਮ ਸਿੰਘ ਨੇ ਆਪਣੀ 13 ਸਾਲਾ ਦੋਹਤੀ ਕਿਰਨਦੀਪ ਕੌਰ ਦਾ ਵਿਆਹ 30 ਸਾਲ ਦੇ ਮੁੰਡੇ ਨਾਲ ਕਰ ਦਿੱਤਾ। ਪੁਲਿਸ ਨੇ ਕੁੜੀ ਦੇ ਪਤੀ ਅਤੇ ਉਸ ਦੇ ਪਰਿਵਾਰਕ ਮੈਂਬਰ ਜੋ ਕਿ ਵਿਆਹ ਤੋਂ ਬਾਅਦ ਮਿਲਣੀ ਕਰਨ ਲਈ ਆਏ ਸਨ, ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ ਸੀ।
ਜ਼ਿਲ੍ਹਾ ਬਾਲ ਵਿਕਾਸ ਵਿਭਾਗ ਮੋਗਾ ਵਿੱਚ ਮੁੱਖ ਅਫ਼ਸਰ ਦੇ ਤੌਰ ਤੇ ਤਾਇਨਾਤ ਪਰਮਜੀਤ ਕੌਰ ਔਲਖ ਨੇ ਕਿਹਾ, ” ਮੈਂ ਇਸ ਮਾਮਲੇ ਦੀ ਪੂਰੀ ਤਰ੍ਹਾਂ ਨਾਲ ਜਾਂਚ ਕਰ ਰਹੀ ਹਾਂ ਮੈਨੂੰ ਇਹ ਪਤਾ ਲੱਗਾ ਹੈ ਕਿ ਪੀੜਤ ਲੜਕੀ ਸਰਕਾਰੀ ਸਕੂਲ ਚੌਗਾਵਾ ਵਿੱਚ ਅੱਠਵੀਂ ਕਲਾਸ ‘ਚ ਪੜ੍ਹਦੀ ਹੈ ਤੇ ਜਿਸ ਦੀ ਉਮਰ 13 ਸਾਲ ਦੇ ਕਰੀਬ ਹੈ। ਉਸ ਦੇ ਨਾਨੇ ਨੇ ਉਕਤ ਲੜਕੀ ਦੇ ਸਹੁਰਿਆਂ ਤੋਂ ਪੈਸੇ ਲੈ ਕੇ ਉਸ ਦੀ ਸ਼ਾਦੀ 30 ਸਾਲ ਦੇ ਕਰੀਬ ਵਿਅਕਤੀ ਨਾਲ ਕਰ ਦਿੱਤੀ ਹੈ। ” ਇਹ ਵੀ ਪਤਾ ਲੱਗਾ ਹੈ ਕਿ ਲੜਕੀ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਇਸ ਤੋਂ ਪਹਿਲਾਂ ਲੜਕੀ ਦੇ ਨਾਨੇ ਨੇ ਆਪਣੀ ਧੀ ਦਾ ਵਿਆਹ ਪੈਸਿਆਂ ਲਈ ਕਰ ਦਿੱਤਾ ਸੀ। ਨਾਬਾਲਗ ਲੜਕੀ ਦਾ ਵਿਆਹ ਕਰਨਾ ਕਾਨੂੰਨੀ ਅਪਰਾਧ ਹੈ। ਇਸ ਲਈ ਬਾਲ ਵਿਕਾਸ ਵਿਭਾਗ ਦੀ ਮੁਖੀ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ।