Information taken by : ਬਠਿੰਡਾ ਵਿਖੇ ਨਵਾਂ ਸਥਾਪਤ ਏਮਸ ਆਉਣ ਵਾਲੇ ਦੋ ਹਫਤਿਆਂ ਦੇ ਅੰਦਰ ਹਰੇਕ ਦਿਨ 180 ਕੋਵਿਡ ਟੈਸਟਿੰਗ ਦੀ ਸਹੂਲਤ ਸ਼ੁਰੂ ਕਰਨ ਜਾ ਰਿਹਾ ਹੈ ਜੋ ਕਿ ਇਕ ਮਹੀਨੇ ਅੰਦਰ500 ਟੈਸਟ ਹਰੇਕ ਦਿਨ ਤਕ ਵਧਾਈ ਜਾਵੇਗੀ। ਹਸਪਤਾਲ ਵਿਚ ਅਗਲੇ ਇਕ ਮਹੀਨੇ ਅੰਦਰ 30 ਬਿਸਤਰਿਆਂ ਵਾਲੀ ਲੈਵਲ-2 ਕੋਵਿਡ ਦੇਖਭਾਲ ਸਹੂਲਤ ਜਲਦ ਹੀ ਸ਼ੁਰੂ ਹੋਵੇਗੀ। ਹਸਪਤਾਲ ਵਿਚ ਮੌਜੂਦਾ ਸਮੇਂ ਮਰੀਜ਼ਾਂ ਲਈ ਓ. ਪੀ. ਡੀ. ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਸ ਵਿਚ ਵੱਡੀ ਗਿਣਤੀ ਕੈਂਸਰ ਦੇ ਮਰੀਜ਼ਾਂ ਦੀ ਹੈ।
ਇਹ ਜਾਣਕਾਰੀ ਸਰਕਾਰੀ ਬੁਲਾਰੇ ਵਲੋਂ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਏਮਸ ਬਠਿੰਡਾ ਦੇ ਕਾਰਜਕਾਰੀ ਡਾਇਰੈਕਟਰ ਤੇ ਸੀ. ਈ. ਓ. ਦਿਨੇਸ਼ ਕੁਮਾਰ ਸਿੰਘ ਤੇ ਹੋਰ ਅਧਿਕਾਰੀਆਂ ਨਾਲ ਕੋਵਿਡ ਸਬੰਧੀ ਹਸਪਤਾਲ ਦੀਆਂ ਤਿਆਰੀਆਂ ਤੇ ਹੋਰ ਸਬੰਧਤ ਮਾਮਲਿਆਂ ਦੀ ਸਮੀਖਿਆ ਕਰਨ ਲਈ ਬੁਲਾਈ ਮੀਟਿੰਗ ਤੋਂ ਬਾਅਦ ਕੀਤਾ ਗਿਆ ਹੈ। ਇਸ ਹਸਪਤਾਲ ਨੂੰ ਪੰਜਾਬ ਦੀ ਬਹੁਤ ਮਹੱਤਵਪੂਰਨ ਸਿਹਤ ਸੰਸਥਾ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਬਠਿੰਡਾ ਏਮਸ ਵੱਡੀ ਗਿਣਤੀ ਵਿਚ ਮਾਲਵਾ ਖੇਤਰ ਦੇ ਮਰੀਜ਼ਾਂ ਲਈ ਫਾਇਦੇਮੰਦ ਸਿੱਧ ਹੋਵੇਗਾ।
ਮੁੱਖ ਮੰਤਰੀ ਨੇ ਏਮਸ ਟੀਮ ਨੂੰ ਸੂਬਾ ਸਰਕਾਰ ਵਲੋਂ ਕੋਵਿਡ ਦੀ ਦੇਖਭਾਲ ਸਬੰਧੀ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਜਿਥੇ ਮਹਾਮਾਰੀ ਕਾਰਨ ਨਿਰਮਾਣ ਤੇ ਹੋਰ ਕੰਮਾਂ ਵਿਚ ਦੇਰੀ ਹੋ ਗਈ ਹੈ। ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਹਸਪਤਾਲ ਵਲੋਂ ਜਲਦ ਹੀ ਐੱਮ. ਆਰ. ਆਈ., ਸੀ. ਟੀ. ਸਕੈਨ ਤੇ ਐਕਸਰੇ ਦੀ ਸਹੂਲਤ ਸ਼ੁਰੂ ਕਰ ਦਿਤੀ ਜਾਵੇਗੀ ਜਦੋਂ ਕਿ MBBS ਕਾਲਜ 2019 ਬੈਂਚ ਵੀ ਸੂਬਾ ਸਰਕਾਰ ਵਲੋਂ ਮੁਹੱਈਆ ਕਰਵਾਏ 179 ਏਕੜ ਖੇਤਰਫਲ ਵਿਚ ਫੈਲੀ ਇਸ ਸੰਸਥਾ ਵਿਚ ਤਬਦੀਲ ਕੀਤਾ ਜਾਵੇਗਾ। 925 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ‘ਤੇ ਹੁਣ ਤਕ 325 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ।