Instructions were given : ਜਲੰਧਰ : ਸ਼ਹਿਰ ‘ਚ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦੇ ਹੋਏ ਭੀੜਭਾੜ ਵਾਲੇ ਇਲਾਕਿਆਂ ‘ਚ ਸਖਤੀ ਵਧਾ ਦਿੱਤੀ ਗਈ ਹੈ। ਜਿਲ੍ਹਾ ਪ੍ਰਸ਼ਾਸਨ ਨੇ ਸਾਰੀਆਂ ਦੁਕਾਨਾਂ, ਮਾਲਾਂ ਅਤੇ ਹੋਰ ਵਪਾਰਕ ਕੰਪਨੀਆਂ, ਉਦਯੋਗਿਕ ਸੰਸਥਾਵਾਂ ਤੇ ਹੋਰ ਥਾਵਾਂ ਜਿਥੇ ਰੋਜ਼ 20 ਤੋਂ ਵਧ ਲੋਕ ਇਕੱਠੇ ਹੁੰਦੇ ਹਨ, ਉਥੇ ਕੋਵਿਡ ਮਾਨੀਟਰ ਲਗਾਉਣ ਲਈ ਕਿਹਾ ਹੈ ਤਾਂ ਕਿ ਪ੍ਰੋਟੋਕਾਲ ਦਾ ਸਖਤੀ ਨਾਲ ਪਾਲਣ ਕੀਤਾ ਜਾ ਸਕੇ। ਪ੍ਰੋਟੋਕਾਲ ਤੋੜਨ ‘ਤੇ ਪ੍ਰਸ਼ਾਸਨ ਦੀ ਸੰਪਰਕ ਖੋਜਣ ‘ਚ ਲੱਗੀਆਂ 75 ਟੀਮਾਂ ਚਾਲਾਨ ਵੀ ਕੱਟਣਗੀਆਂ।
ਸੂਬੇ ਦਾ ਜਲੰਧਰ ਪਹਿਲਾ ਜਿਲ੍ਹਾ ਹੈ ਜਿਥੇ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨ ਲਈ ਮਾਨੀਟਰ ਲਗਾਏ ਜਾ ਰਹੇ ਹਨ। ਨਾਗਰਿਕ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੌਜੂਦਾ ਸਥਿਤੀ ਤੇ ਕੋਵਿਡ ਦੀਆਂ ਤਿਆਰੀਆਂ ਦੀ ਸਮੀਖਿਆ ਕਰਦੇ ਹੋਏ ਡੀ. ਸੀ. ਘਣਸ਼ਾਮ ਥੋਰੀ ਨੇ ਕਿਹਾ ਕਿ ਮਾਨੀਟਰ ਸ਼ੁਰੂ ‘ਚ ਪਛਾਣ ਤੇ ਇਲਾਜ ਲਈ ਪ੍ਰਸ਼ਾਸਨ ਦੀ ਮਦਦ ਕਰੇਗਾ। ਹਰੇਕ ਸੰਸਥਾ ਜਿਥੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹਨ ਉਥੋਂ ਕਮਾਂਡ ਐਂਡ ਕੰਟਰੋਲ ਸੈਂਟਰ ਤੋਂ ਮਾਨੀਟਰਿੰਗ ਕੀਤੀ ਜਾਵੇਗੀ। ਇਥੇ ਇਕ ਟੀਮ ਹੋਵੇਗੀ। ਇਹ ਟੀਮ ਜਿਥੇ ਵਧ ਲੋਕ ਖੜ੍ਹੇ ਹਨ ਉਥੇ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਵਾਏਗੀ।
ਕੋਵਿਡ ਮਾਨੀਟਰ ਨਾਲ ਅਧਿਕਾਰੀਆਂ ਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾ ਸਕੇਗਾ। ਉਨ੍ਹਾਂ ਨੇ ਦੱਸਿਆ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 75 ਨਵੀਆਂ ਸੰਪਰਕ ਟ੍ਰੇਸਿੰਗ ਟੀਮਾਂ ਬਣਾਈਆਂ ਗਈਆਂ ਹਨ। ਇਨ੍ਹਾਂ ਟੀਮਾਂ ਵਲੋਂ 72 ਘੰਟੇ ਦੇ ਅੰਦਰ ਕੋਵਿਡ ਪਾਜੀਟਿਵ ਆਉਣ ‘ਤੇ ਵਿਅਕਤੀ ਦੇ ਘੱਟ ਤੋਂ ਘੱਟ 10 ਸੰਪਰਕਾਂ ਦੀ ਟ੍ਰੇਸਿੰਗ ਕੀਤੀ ਜਾ ਸਕੇਗੀ। ਡੀ. ਸੀ. ਨੇ ਕਿਹਾ ਕਿ ਹੈਲਥ ਸਹੂਲਤਾਂ ਦਾ ਦਾਇਰਾ ਵਧਾਇਆ ਜਾ ਰਿਹਾ ਹੈ। ਲੈਵਲ-2 ਅਤੇ ਲੈਵਲ-3 ਲਈ ਬੈੱਡ ਦੀ ਉਪਲਬਧਤਾ ਵੀ ਨਿਸ਼ਚਿਤ ਕੀਤੀ ਗਈ ਹੈ।ਇਸ ਮੌਕੇ ਗੁਰਪ੍ਰੀਤ ਸਿੰਘ ਭੁੱਲਰ ਤੇ ਸੀਨੀਅਰ ਸੁਪਰੀਡੈਂਟ ਸਤਿੰਦਰ ਸਿੰਘ ਆਪਣੇ ਦਫਤਰ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਜੁੜੇ।