Inter-state bus : ਚੰਡੀਗੜ੍ਹ ਅੰਤਰਰਾਜੀ ਬੱਸ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਇਹ ਸੇਵਾ 16 ਸਤੰਬਰ ਤੋਂ ਸ਼ੁਰੂ ਹੋਵੇਗੀ। ਯੂ. ਟੀ. ਪ੍ਰਸ਼ਾਸਨ ਨੇ ਰਾਜਾਂ ਨੂੰ ਚਿੱਠੀ ਲਿਖ ਕੇ ਬੱਸ ਸਰਵਿਸ ਸ਼ੁਰੂ ਕਰਨ ਦੀ ਸੂਚਨਾ ਦੇ ਦਿੱਤੀ ਹੈ। ਇਹ ਫੈਸਲੇ ਨਾਲ ਹੋਰਨਾਂ ਰਾਜਾਂ ਦੀਆਂ ਬੱਸਾਂ ਨੂੰ 16 ਤਰੀਖ ਤੋਂ ਹੀ ਚੰਡੀਗੜ੍ਹ ਵਿੱਚ ਦਾਖਲ ਹੋਣ ਦੀ ਮਨਜ਼ੂਰੀ ਮਿਲ ਜਾਵੇਗੀ। ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜਰ ਅਪਨਾ ਕੇ ਇਨ੍ਹਾਂ ਬੱਸਾਂ ਨੂੰ ਸ਼ੁਰੂ ਕੀਤਾ ਜਾਵੇਗਾ। ਇਸ ਦੌਰਾਨ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ 50 ਫੀਸਦੀ ਸਮਰੱਥਾ ਨਾਲ ਬੱਸਾਂ ਨੂੰ ਚਲਾਏਗਾ। ਇਹ ਫੈਸਲਾ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।
ਯਾਤਰੀਆਂ ਨੂੰ ਸਿਰਫ ISBT-17 ਅਤੇ ISBT-43 ਤੋਂ ਹੀ ਬੱਸਾਂ ‘ਚ ਚੜ੍ਹਾਇਆ ਤੇ ਉਤਾਰਿਆ ਜਾ ਸਕੇਗਾ। ਵਿਚ ਕਿਤੇ ਵੀ ਬੱਸ ਨਹੀਂ ਰੁਕੇਗੀ। ਆਈਐੱਸਬੀਟੀ-17 ਤੇ 43 ‘ਚ ਕਿਸੇ ਵੀ ਕਾਊਂਟਰ ‘ਤੇ ਟਿਕਟ ਨਹੀਂ ਮਿਲੇਗੀ। ਸਿਰਫ ਆਨਲਾਈਨ ਬੁਕਿੰਗ ਜਾਂ ਫਿਰ ਬੱਸ ਦੇ ਅੰਦਰ ਹੀ ਟਿਕਟ ਮਿਲੇਗੀ। ਬੱਸ ‘ਚ ਯਾਤਰੀ ਨੂੰ ਇਕ ਸੀਟ ਖਾਲੀ ਛੱਡ ਕੇ ਬਿਠਾਇਆ ਜਾਵੇਗਾ। ਬਿਨਾਂ ਮਾਸਕ ਦੇ ਬੱਸ ‘ਚ ਕਿਸੇ ਨੂੰ ਵੀ ਬੈਠਣ ਦੀ ਇਜਾਜ਼ਤ ਨਹੀਂ ਹੋਵੇਗੀ। ਬੱਸ ਨੂੰ ਹਰ ਵਾਰ ਯਾਤਰਾ ਤੋਂ ਪਹਿਲਾਂ ਸੈਨੇਟਾਈਜ ਕੀਤਾ ਜਾਵੇਗਾ।
ਹਰ ਯਾਤਰੀ ਦੇ ਫੋਨ ‘ਚ ਆਰੋਗਯ ਸੇਤੂ ਐਪ ਰੱਖਣਾ ਜ਼ਰੂਰੀ ਹੋਵੇਗਾ। ਚੰਡੀਗੜ੍ਹ ‘ਚ ਮਾਰਚ ‘ਚ ਲੌਕਡਾਊਨ ਲੱਗਣ ਤੋਂ ਬਾਅਦ ਤੋਂ ਹੀ ਪਬਲਿਕ ਟਰਾਂਸਪੋਰਟ ਸਰਵਿਸ ਬੰਦ ਹੋ ਗਈ ਸੀ। ਇਸ ਦੇ 3 ਮਹੀਨੇ ਬਾਅਦ ਟ੍ਰਾਈਸਿਟੀ ‘ਚ ਸਿਰਫ ਲੋਕਲ ਬੱਸ ਸਰਵਿਸ ਤਾਂ ਸ਼ੁਰੂ ਕੀਤੀ ਗਈ ਸੀ ਪਰ ਲੰਬੇ ਰੂਟ ਵਾਲੀ ਬੱਸ ਸਰਵਿਸ ਬੰਦ ਕਰ ਦਿੱਤੀ ਗਈ ਸੀ। ਇਸ ਦੌਰਾਨ ਕਿਸੇ ਵੀ ਰਾਜ ਦੀ ਬੱਸ ਨੂੰ ਚੰਡੀਗੜ੍ਹ ‘ਚ ਐਂਟਰੀ ਨਹੀਂ ਮਿਲ ਰਹੀ ਸੀ। ਹੁਣ ਸਾਰੇ ਰਾਜ ਆਪਣੀਆਂ ਬੱਸਾਂ ਨੂੰ ਚੰਡੀਗੜ੍ਹ ਭੇਜ ਸਕਣਗੇ।