Jalandhar youth commits : ਫੇਸਬੁੱਕ ‘ਤੇ ਲਾਈਵ ਹੋ ਕੇ ਜਲੰਧਰ ਤੇ ਨੌਜਵਾਨ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਨੌਜਵਾਨ ਗਰੀਨ ਮਾਡਲ ਟਾਊਨ ਵਿਖੇ ਕੋਠੀ ਵਿਚ ਕੰਮ ਕਰਦਾ ਸੀ। ਖੁਦਕੁਸ਼ੀ ਦੌਰਾਨ ਲਾਈਵ ਹੋ ਕੇ ਉਸ ਨੇ ਦੱਸਿਆ ਕਿ ਜਿਹੜੀ ਕੋਠੀ ਵਿਚ ਉਹ ਕੰਮ ਕਰਦਾ ਹੈ ਉਸ ਦਾ ਮਾਲਕ ਉਸ ਨਾਲ ਕੁੱਟਮਾਰ ਕਰਦਾ ਹੈ ਅਤੇ ਉਸ ਤੋਂ ਕੰਮ ਛੱਡਣ ਲਈ 84 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਹੈ।
ਮ੍ਰਿਤਕ ਗੁਰਪ੍ਰੀਤ ਦੇ ਭਰਾ ਲਵਪ੍ਰੀਤ ਨੇ ਦੱਸਿਆ ਉਸ ਦਾ ਭਰਾ ਗਰੀਨ ਮਾਡਲ ਟਾਊਨ ਵਿਖੇ ਇਕ ਘਰ ਵਿਚ ਕੰਮ ਕਰਦਾ ਸੀ ਤੇ ਉਥੇ ਹੀ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਲਵਪ੍ਰੀਤ ਨੇ ਦੱਸਿਆ ਕਿ ਉਸ ਦਾ ਭਰਾ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਦੇ ਘਰ ਹੋ ਕੇ ਗਿਆ ਸੀ ਅਤੇ ਉਸ ਨੇ ਮਾਲਕ ਵਲੋਂ ਕੀਤੇ ਜਾ ਰਹੇ ਸਾਰੇ ਜ਼ੁਲਮਾਂ ਨੂੰ ਵੀ ਬਿਆਨ ਕੀਤਾ ਸੀ ਕਿ ਕਿਸ ਤਰ੍ਹਾਂ ਉਸ ਦਾ ਮਾਲਕ ਉਸ ਕੋਲੋਂ ਜ਼ਬਰਦਸਤੀ ਕੰਮ ਕਰਵਾਉਂਦਾ ਹੈ ਤੇ ਉਸ ਨਾਲ ਕੁੱਟਮਾਰ ਵੀ ਕਰਦਾ ਹੈ ਤੇ ਉਸ ਨੂੰ ਘਰ ਛੱਡਣ ਲਈ ਮਜਬੂਰ ਕਰ ਰਿਹਾ ਹੈ।
ਇਸ ਸਬੰਧ ਵਿਚ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਕੋਠੀ ਦਾ ਮਾਲਕ ਉਸ ਦੇ ਪਤੀ ਨੂੰ ਸਵੇਰੇ 6 ਵਜੇ ਬੁਲਾ ਲੈਂਦਾ ਸੀ ਤੇ ਰਾਤ ਦੇ 9 ਵਜੇ ਛੁੱਟੀ ਦਿੰਦਾ ਸੀ। ਪਤਨੀ ਨੇ ਦੱਸਿਆ ਕਿ ਬੀਤੀ ਰਾਤ ਮਾਲਕ ਨੇ ਉਸ ਦੇ ਪਤੀ ਨਾਲ ਕੁੱਟਮਾਰ ਵੀ ਕੀਤੀ ਸੀ ਜਿਸ ਕਾਰਨ ਉਹ ਬਹੁਤ ਦੁਖੀ ਸੀ ਅਤੇ ਇਸੇ ਲਈ ਉਸ ਨੇ ਇਹ ਕਦਮ ਚੁੱਕਿਆ। ਮ੍ਰਿਤਕ ਦੇ ਭਰਾ ਲਵਪ੍ਰੀਤ ਨੇ ਦੱਸਿਆ ਕਿ ਘਰ ਛੱਡਣ ਤੋਂ ਪਹਿਲਾਂ ਉਸ ਦੇ ਮਾਲਕ ਨੇ ਉਸ ਤੋਂ 1 ਲੱਖ ਰੁਪਿਆ ਘਰ ਦਾ ਕਿਰਾਇਆ ਵੀ ਮੰਗਿਆ ਸੀ। ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।