Khalistan demand refuted : ਰਵਨੀਤ ਬਿੱਟੂ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਖਾਲਿਸਤਾਨ ਦੀ ਮੰਗ ਨੂੰ ਗਲਤ ਠਹਿਰਾਇਆ। ਉਨ੍ਹਾਂ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਅਮ੍ਰਿਤਸਰ ਸਾਰੀਆਂ ਦਾ ਸਾਂਝਾ ਧਾਰਮਿਕ ਸਥਾਨ ਹੈ। ਇੱਥੇ ਸਿੱਖ ਅਤੇ ਹਿੰਦੂ ਸ਼ਰਧਾ ਦੇ ਨਾਲ ਸਿਰ ਝੁਕਾ ਕੇ ਮੱਥਾ ਟੇਕਦੇ ਹਨ ਅਤੇ ਮੰਨਤਾਂ ਮੰਗਦੇ ਹਨ। ਇਹ ਧਾਰਣਾ ਸਦੀਆਂ ਤੋਂ ਚੱਲੀ ਆ ਰਹੀ ਹੈ। ਕਈ ਹਿੰਦੂ ਘਰਾਂ ਵਿਚ ਵੱਡੇ ਪੁੱਤਰ ਨੂੰ ਸਿੱਖ ਸਜਾਉਣ ਦੀ ਪਰੰਪਰਾ ਅੱਜ ਵੀ ਕਾਇਮ ਹੈ। ਇੱਹੋ ਕਾਰਨ ਹੈ ਕਿ 10 ਸਾਲ ਦਾ ਅੱਤਵਾਦ ਪੰਜਾਬੀਆਂ ਨੇ ਇਕੱਠੇ ਝੱਲਿਆ ਅਤੇ ਕੁਰਬਾਨੀਆਂ ਦਿੱਤੀਆਂ, ਪਰ ਹਿੰਦੂ-ਸਿੱਖ ਭਾਈਚਾਰੇ ‘ਤੇ ਆਂਚ ਨਹੀਂ ਆਉਣ ਦਿੱਤੀ ਅਤੇ ਵੱਖਵਾਦ ਅਤੇ ਖਾਲਿਸਤਾਨ ਦੀ ਮੰਗ ਨੂੰ ਸਿਰੇ ਤੋਂ ਪੰਜਾਬੀਆਂ ਨੇ ਨਕਾਰ ਦਿੱਤਾ।
ਰਵਨੀਤ ਬਿੱਟੂ ਨੇ ਕਿਹਾ ਕਿ ਖਾਲਿਸਤਾਨ ਦੇ ਨਾਂ ‘ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਬਿਆਨ ਤੋਂ ਸਾਫ ਹੋ ਗਿਆ ਹੈ। ਬਿੱਟੂ ਨੇ ਕਿਹਾ ਕਿ ਦੋਵਾਂ ਨੂੰ ਧਾਰਮਿਕ ਜਥੇਬੰਦੀਆਂ ਦੀ ਮਰਿਆਦਾ ਨੂੰ ਧਿਆਨ ਵਿਚ ਰੱਖਦੇ ਹੋਏ ਤੇ ਸਿਆਸੀ ਹਿੱਤਾਂ ਲਈ ਲੋਕਤੰਤਰੀ ਵਿਵਸਥਾ ਨੂੰ ਚੁਣੌਤੀ ਦੇਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਇਤਿਹਾਸ ਗਵਾਹ ਹੈ ਕਿ ਪੰਜਾਬੀਆਂ ਦੇ ਭਾਈਚਾਰੇ ਦੇ ਸਾਹਮਣੇ ਅੱਤਵਾਦ ਹਾਰਿਆ ਅਤੇ ਹਿੰਦੂ ਸਿੱਖ ਭਾਈਚਾਰਾ ਜਿੱਤਿਆ। ਜਿੰਮੇਦਾਰ ਆਹੁਦਿਆਂ ‘ਤੇ ਬੈਠੇ ਹੋਏ ਵਿਅਕਤੀਆਂ ਨੂੰ ਅਜਿਹੀ ਕੋਈ ਗੱਲ ਨਹੀਂ ਕਰਨੀ ਜਾਂ ਬੋਲਣੀ ਚਾਹੀਦੀ ਹੈ, ਜਿਸ ਨਾਲ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰੇ ਨੂੰ ਚੋਟ ਪਹੁੰਚੇ। ਅਕਾਲ ਤੱਖਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖਾਲਿਸਤਾਨ ਦੀ ਮੰਗ ਨੂੰ ਜਾਇਜ਼ ਠਹਿਰਾ ਕੇ ਪੰਜਾਬੀਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਜਿਸਦੀ ਉਮੀਦ ਉਨ੍ਹਾਂ ਤੋਂ ਨਹੀਂ ਕੀਤੀ ਜਾਂਦੀ।