Leaders protesting against : ਕਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਗਈ ਮੀਟਿੰਗ ਵਿਚ ਬਠਿੰਡਾ ਥਰਮਲ ਪਲਾਂਟ ਦੀ ਮੁੜ ਉਸਾਰੀ ਨੂੰ ਪ੍ਰਵਾਨਗੀ ਮਿਲ ਗਈ ਅਤੇ ਇਹ ਜ਼ਮੀਨ ਪੁੱਡਾ ਨੂੰ ਵੇਚੇ ਜਾਣ ਦਾ ਫੈਸਲਾ ਲਿਆ ਗਿਆ ਜਿਸ ਦਾ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਆਮ ਆਦਮੀ ਪਾਰਟੀ ਦੇ ਹੋਰਨਾਂ ਵਿਧਾਇਕਾਂ ਵਲੋਂ ਵਿਰੋਧ ਕੀਤਾ ਗਿਆ। ਕਲ ਜਦੋਂ ਕੈਬਨਿਟ ਬੈਠਕ ਵਿਚ ਇਸ ਗੱਲ ‘ਤੇ ਵਿਚਾਰ ਚਰਚਾ ਹੋ ਰਹੀ ਸੀ ਤਾਂ ਉਸ ਸਮੇਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ। ਬਠਿੰਡਾ ਪਲਾਂਟ ਦੀ ਜ਼ਮੀਨ ਦੀ ਮੁੜ ਉਸਾਰੀ ਲਈ ਡਰਾਫਟ ਤਿਆਰ ਕਰਨ ਲਈ 18 ਮਈ ਨੂੰ ਇਕ ਕੈਬਨਿਟ ਸਬ-ਕਮੇਟੀ ਬਣਾਈ ਗਈ ਸੀ ਜਿਸ ਵਿਚ ਸ਼ਹਿਰੀ ਵਿਕਾਸ ਮੰਤਰੀ, ਉਦਯੋਗ ਤੇ ਵਣਜ ਮੰਤਰੀ ਤੇ ਸਥਾਨਕ ਲੋਕਲ ਬਾਡੀਜ਼ ਮੰਤਰੀ ਬਤੌਰ ਮੈਂਬਰ ਸ਼ਾਮਲ ਸਨ। ਵਿਰੋਧ ਕਰ ਰਹੇ ਇਨ੍ਹਾਂ ਨੇਤਾਵਾਂ ਨੂੰ ਚੰਡੀਗੜ੍ਹ ਪੁਲਿਸ ਨੇ ਕਈ ਘੰਟੇ ਸੈਕਟਰ-3 ਦੇ ਥਾਣੇ ਵਿਚ ਬੰਦ ਰੱਖਿਆ।
PSPCL ਵਲੋਂ ਇਹ ਜ਼ਮੀਨ (280 ਏਕੜ ਦੀ ਰਿਹਾਇਸ਼ੀ ਕਾਲੋਨੀ ਨੂੰ ਛੱਡ ਕੇ) ਇਸ ਦੇ ਵਿਕਾਸ ਤੇ 80:20 ਹਿੱਸੇਦਾਰੀ ਯੋਜਨਾ ਅਧੀਨ ਵਿਕਰੀ ਲਈ ਪੁੱਡਾ ਨੂੰ ਸੌਂਪਣ ਸਬੰਧੀ ਪ੍ਰਸਤਾਵ ਪਾਸ ਕੀਤਾ ਜਾ ਚੁੱਕਾ ਹੈ। ਇਸ ਯੋਜਨਾ ਅਧੀਨ ਜ਼ਮੀਨ ਦੀ ਅਨੁਮਾਨਤ ਕੀਮਤ ਤੋਂ ਇਲਾਵਾ ਵਿਕਸਿਤ ਹੋਈ ਜ਼ਮੀਨ ਦੀ ਵਿਕਰੀ ਨਾਲ ਹੋਣ ਵਾਲੇ ਲਾਭ ਦਾ 80 ਫੀਸਦੀ ਹਿੱਸਾ ਇਸ ਦੇ ਮਾਲਕ ਪੀ. ਐੱਸ. ਪੀ. ਸੀ. ਐੱਲ. ਨੂੰ ਜਾਵੇਗਾ ਅਤੇ 20 ਫੀਸਦੀ ਹਿੱਸਾ ਸਰਕਾਰ ਨੂੰ ਮਿਲੇਗਾ।
ਥਰਮਲ ਪਲਾਂਟ ਦੀ ਜ਼ਮੀਨ ਵੇਚਣ ਨੂੰ ਲੈ ਕੇ ਰਾਜਨੀਤੀ ਵਿਚ ਚਰਚਾ ਤੇਜ਼ ਹੋ ਗਈ ਹੈ। ਚੋਣਾਂ ਤੋਂ ਪਹਿਲਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਲੋਕਾਂ ਨੂੰ ਵਾਅਦਾ ਕੀਤਾ ਸੀ ਕਿ ਬਠਿੰਡਾ ਥਰਮਲ ਪਲਾਂਟ ਨੂੰ ਫਿਰ ਤੋਂ ਸ਼ੁਰੂ ਕਰਵਾਇਆ ਜਾਵੇਗਾ ਪਰ ਇਸ ਪਲਾਂਟ ਤੋਂ ਬਿਜਲੀ ਮਹਿੰਗੀ ਹੋਣ ਕਾਰਨ ਸਰਕਾਰ ਨੇ ਇਸ ਨੂੰ ਬੰਦ ਕਰਨ ਦਾ ਫੈਸਲਾ ਲਿਆ। ਇਥੋਂ ਦੇ ਸਾਰੇ ਮੁਲਾਜ਼ਮਾਂ ਨੂੰ ਦੂਜੇ ਥਰਮਲ ਪਲਾਂਟਾਂ ਤੇ ਪਾਵਰਕਾਮ ਦੇ ਦਫਤਰਾਂ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ।