Leaders protesting outside : ਮੈਟ੍ਰਿਕ ਸਕਾਲਰਸ਼ਿਪ ਦੇ 63.91 ਕਰੋੜ ਰੁਪਏ ਦੇ ਘਪਲੇ ‘ਚ ਫਸੇ ਹਲਕਾ ਨਾਭਾ ਤੋਂ ਕਾਂਗਰਸੀ ਵਿਧਾਇਕ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਕੋਠੀ ਦੇ ਬਾਹਰ ਧਰਨੇ ‘ਤੇ ਬੈਠੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਆਪ ਨੇਤਾ ਧਰਮਸੋਤ ਨੂੰ ਕੈਬਨਿਟ ਨੇ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਪਾਰਟੀ ਨੇਤਾ ਵੀਰਵਾਰ ਤੋਂ ਇਥੇ ਧਰਨਾ ਦੇ ਰਹੇ ਸਨ।
ਆਪ ਦੇ ਸੀਨੀਅਰ ਨੇਤਾ ਚੇਤਨ ਸਿੰਘ ਜੋੜੇਮਾਜਰਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਫੈਸਲਾ ਕੀਤਾ ਕਿ ਉਹ ਧਰਮਸੋਤ ਦਾ ਵਿਰੋਧ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਲੋੜਵੰਦ ਵਿਦਿਆਰਥੀਆਂ ਦੇ ਵਜੀਫੇ ਲੈਣ ਵਾਲੇ ਮੰਤਰੀ ਸਮੇਤ ਹੋਰ ਦੋਸ਼ੀਆਂ ‘ਤੇ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤਕ ਮੰਤਰੀ ਧਰਮਸੋਤ ਨੂੰ ਬਰਖਾਸਤ ਨਹੀਂ ਕੀਤਾ ਜਾਂਦਾ ਉਦੋਂ ਤਕ ਉਹ ਲੋਕ ਸੰਘਰਸ਼ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਅਸੀਂ ਧਰਨੇ ਤੋਂ ਪਿੱਛੇ ਨਹੀਂ ਹਟਾਂਗੇ ਭਾਵੇਂ ਪੁਲਿਸ ਵਲੋਂ ਜਿੰਨੇ ਮਰਜ਼ੀ ਪਰਚੇ ਦਰਜ ਕਰ ਲਏ ਜਾਣ।
ਸੀਨੀਅਰ ਨੇਤਾ ਜੱਸੀ ਸੋਹੀਆਂਵਾਲਾ ਨੇ ਕਿਹਾ ਕਿ ਧਰਮਸੋਤ ਨੇ ਤਾਂ ਆਪਣੇ ਹਲਕੇ ਨੂੰ ਵੀ ਨਹੀਂ ਛੱਡਿਆ। ਨਗਰ ਕੌਂਸਲ ‘ਚ ਵੱਡੇ ਪੱਧਰ ‘ਤੇ ਹੇਰਾਫੇਰੀ ਹੋਈ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਬਰਿੰਦਰ ਸਿੰਘ ਬਿੱਟੂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਧਰਨਾ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਧਰਮਸੋਤ ਨੂੰ ਮੁੱਖ ਮੰਤਰੀ ਘਰ ‘ਚ ਨਹੀਂ ਬਿਠਾਉਂਦੇ। ਉਨ੍ਹਾਂ ਖਿਲਾਫ ਧਾਰਾ 188 ਤੇ 269 ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।