Loss of student’s : ਆਨਲਾਈਨ ਕਲਾਸਾਂ ਵਿਦਿਆਰਥੀਆਂ ਨੂੰ ਕਲਾਸਰੂਮ ਵਰਗਾ ਮਾਹੌਲ ਦੇਣ ਵਿਚ ਅਸਫਲ ਰਹੀਆਂ ਹਨ। ਉਥੇ ਵਿਦਿਆਰਥੀਆਂ ਨੂੰ ਇੰਟਰਨੈਟ ਦਾ ਵੀ ਆਦੀ ਬਣਾ ਰਹੀਆਂ ਹਨ। 4 ਤੋਂ 6 ਘੰਟੇ ਕਲਾਸ ਲਗਾਉਣ ਤੋਂ ਇਲਾਵਾ ਵਿਦਿਆਰਥੀ ਦਿਨ ਵਿਚ ਕਈ ਘੰਟੇ ਮੋਬਾਈਲ ਨਾਲ ਲੱਗੇ ਰਹਿੰਦੇ ਹਨ। ਇੰਟਰਨੈਟ ਤੇ ਕੋਰੋਨਾ ਦੇ ਇਸ ਦੌਰ ‘ਚ ਵਿਦਿਆਰਥੀਆਂ ਦੇ ਮਾਨਸਿਕ ਤੇ ਸਰੀਰਕ ਸਥਿਤੀ ਵਿਚ ਕਾਫੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਇਹ ਜਾਣਕਾਰੀ ਮਨੋਚਕਿਤਸਕ ਡਾ. ਹਰਜੋਤ ਸਿੰਘ ਮੱਕੜ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਰੋਜ਼ਾਨਾ 2 ਤੋਂ 3 ਬੱਚੇ ਅਜਿਹੇ ਆ ਰਹੇ ਹਨ ਜੋ ਇੰਟਰਨੈਟ ਦੀ ਵਜ੍ਹਾ ਨਾਲ ਸਾਈਕੋਸਿਸ ਤੇ ਐਂਗਜਾਈਟੀ ਦੀ ਪਕੜ ਵਿਚ ਆ ਚੁੱਕੇ ਹਨ।
ਜੋ ਗੱਲਾਂ ਅਸੀਂ ਕਿਤਾਬਾਂ ਜਾਂ ਅਖਬਾਰਾਂ ਪੜ੍ਹ ਕੇ ਸਿੱਖ ਸਕਦੇ ਹਾਂ ਤੇ ਆਪਣੀ ਜਾਣਕਾਰੀ ਵਿਚ ਵਾਧਾ ਕਰ ਸਕਦੇ ਹਾਂ ਉਹ ਇੰਟਰਨੈਟ ਰਾਹੀਂ ਸੰਭਵ ਨਹੀਂ। ਵਿਦਿਆਰਥੀ ਇੰਟਰਨੈਟ ‘ਤੇ ਗਿਆਨ ਦੀਆਂ ਗੱਲਾਂ ਦੇਖਦਾ ਤਾਂ ਜ਼ਰੂਰ ਹੈ ਪਰ ਉਸ ਨੂੰ ਆਪਣੇ ਦਿਮਾਗ ਵਿਚ ਬਿਠਾ ਨਹੀਂ ਪਾ ਰਿਹਾ। ਉਸ ਕਲਾਸਾਂ ਲਗਾਉਣ ਤੋਂ ਬਾਅਦ ਮੋਬਾਈਲ ‘ਤੇ ਮੂਵੀ ਜਾਂ ਕਾਰਟੂਨ ਦੇਖਦੇ ਹਨ। ਪੂਰਾ ਦਿਨ ਸਕ੍ਰੀਨ ‘ਤੇ ਅੱਖਾਂ ਲਗਾਉਣ ਕਾਰਨ ਉਨ੍ਹਾਂ ਦੀਆਂ ਗਰਦਨ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਆਉਂਦਾ ਹੈ। ਅੱਖਾਂ ਵਿਚ ਜਲਨ ਹੁੰਦੀ ਹੈ ਤੇ ਗੁੱਸਾ ਤੇ ਤਣਾਅ ਵੀ ਵਧਦਾ ਹੈ।
ਮੋਬਾਈਲ ਕਾਰਨ ਬੱਚਿਆਂ ਦਾ ਭਾਰ ਵੀ ਵਧ ਰਿਹਾ ਹੈ। ਸਿਰ ਤੇ ਅੱਖਾਂ ਵਿਚ ਦਰਦ, ਮੋਟਾਪੇ ਦੇ ਨਾਲ-ਨਾਲ ਹਾਰਟ ਸਬੰਧੀ ਰੋਗ ਵੀ ਉਨ੍ਹਾਂ ਨੂੰ ਘੇਰ ਰਹੇ ਹਨ। ਵਿਦਿਆਰਥੀ ਹਰ ਕੰਮ ਬਿਸਤਰ ‘ਤੇ ਬੈਠ ਕੇ ਜਾਂ ਲੇਟ ਕੇ ਕਰਦੇ ਹਨ। ਇਹ ਸਥਿਤੀ ਤਾਂ ਕੋਰੋਨਾ ਤੋਂ ਵੀ ਖਤਰਨਾਕ ਹੈ। ਬੱਚੇ ਪੜ੍ਹਾਈ ਦੀ ਆੜ ਵਿਚ ਮੋਬਾਈਲ ‘ਤੇ ਗੇਮਾਂ ਖੇਡ ਰਹੇ ਹਨ । ਭਾਵੇਂ ਆਨਲਾਈਨ ਸਿੱਖਿਆ ਅੱਜ ਦੀ ਜ਼ਰੂਰਤ ਹੈ ਪਰ ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਵਿਦਿਆਰਥੀ ਇਸ ਦੇ ਇੰਨੇ ਵੀ ਆਦੀ ਨਾ ਹੋ ਜਾਣ ਕਿ ਇਸ ਦਾ ਅਸਰ ਉਨ੍ਹਾਂ ਦੀ ਸਿਹਤ ‘ਤੇ ਪਵੇ।