Maharaja Ranjit Singh’s : ਅੰਮ੍ਰਿਤਸਰ : ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਤੇ ਮਹਾਰਾਜਾ ਦਲੀਪ ਸਿੰਘ ਦੇ ਬੇਟੇ ਪ੍ਰਿੰਸ ਵਿਕਟਰ ਅਲਬਰਟ ਜੈ ਦਲੀਪ ਸਿੰਘ ਦੇ ਲੰਦਨ ਵਾਲੇ ਮਹਿਲ ਦੀ ਵਿਕਰੀ ‘ਤੇ ਉਨ੍ਹਾਂ ਦੇ ਵੰਸ਼ਜਾਂ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਅਕਾਲ ਤਖਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਮਹੱਲ ‘ਤੇ ਪੁਸ਼ਤੈਣੀ ਹੱਕ ਜਤਾਉਂਦੇ ਹੋਏ ਇਸ ਦੀ ਵਿਕਰੀ ਰੁਕਵਾਉਣ ਦੀ ਮੰਗ ਕੀਤੀ ਹੈ।
ਲੰਦਨ ਦੇ ਦੱਖਣ-ਪਛਮ ਕੇਨਸਿੰਗਟਨ ਦੇ ਲਿਟਲ ਬਾਲਟਨ ਇਲਾਕੇ ‘ਚ ਸਥਿਤ ਇਸ ਮਹੱਲ ਦੀ ਕੀਮਤ 15.5 ਮਿਲੀਅਨ ਪੌਂਡ ਸਟਰਲਿੰਗ ਤੈਅ ਕੀਤੀ ਗਈ ਹੈ। ਮਹਾਰਾਜਾ ਰਣਜੀਤ ਸਿੰਘ ਦੀ ਦੂਜੀ ਮਹਾਰਾਣੀ ਦਾਤਾਰ ਕੌਰ ਦੇ ਬੇਟੇ ਰਤਨ ਸਿੰਘ ਦੀ ਵੰਸ਼ਾਵਲੀ ‘ਚ ਸ਼ਾਮਲ ਮਹਾਰਾਜ ਦੀ 7ਵੀਂ ਪੀੜ੍ਹੀ ਦੇ ਡਾ. ਜਸਵਿੰਦਰ ਸਿੰਘ ਤੇ 8ਵੀਂ ਪੀੜ੍ਹੀ ਦੇ ਐਡਵੋਕੇਟ ਸੰਦੀਪ ਸਿੰਘ ਨੇ PM ਨੂੰ ਲਿਖੇ ਆਪਣੇ ਪੱਤਰ ‘ਚ ਕਿਹਾ ਕਿ ਬਰਨਾਤਵੀ ਸਰਕਾਰ ਵਲੋਂ ਬਣਾਈ ਗਈ ਵੰਸ਼ਾਵਲੀ ਅਤੇ ਨਿਯਮਾਂ ਮੁਤਾਬਕ ਇਸ ਮਹੱਲ ‘ਤੇ ਵਾਰਸਾਂ ਦਾ ਹੱਕ ਬਣਦਾ ਹੈ। ਇਸ ਮਹੱਲ ਨੂੰ ਬਚਾਉਣ ਲਈ ਉਹ ਕੌਮਾਂਤਰੀ ਅਦਾਲਤ ਵੀ ਜਾਣਗੇ।
ਐਡਵੋਕੇਟ ਸੰਦੀਪ ਸਿੰਘ ਨੇ ਕਿਹਾ ਕਿ ਬਰਤਾਨਵੀ ਸਰਕਾਰ ਨੇ ਪਹਿਲਾਂ ਉਨ੍ਹਾਂ ਦੇ ਪਰਿਵਾਰ ਦਾ ਕੋਹਿਨੂਰ ਹੀਰਾ ਲੈ ਲਿਆ ਅਤੇ ਹੁਣ ਮਹੱਲ ਨੂੰ ਵੇਚਣਾ ਚਾਹੁੰਦੀ ਹੈ। ਈਸਟ ਇੰਡੀਆ ਕੰਪਨੀ ਨੇ ਦਲੀਪ ਸਿੰਘ ਦੇ ਪਰਿਵਾਰ ਨੂੰ ਰਹਿਣ ਲਈ ਮਹੱਲ ਕਿਰਾਏ ‘ਤੇ ਦਿੱਤਾ ਸੀ।ਡਾ. ਜਸਵਿੰਦਰ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਰਤਨ ਸਿੰਘ ਮਹਾਰਾਣੀ ਦਾਤਾਰ ਕੌਰ ਤੋਂ ਸਨ ਅਤੇ ਮਹਾਰਾਜਾ ਦਲੀਪ ਸਿੰਘ ਉਨ੍ਹਾਂ ਦੀ ਆਖਰੀ ਪਤਨੀ ਤੋਂ ਤੇ ਉਹ ਮਹੱਲ ਨੂੰ ਵੇਚਣ ਦੇ ਹੱਕ ‘ਚ ਨਹੀਂ ਹਨ।