Mail nurse of Fortis : ਮੋਹਾਲੀ ਦੇ ਫੇਜ਼-8 ਵਿਖੇ ਸਥਿਤ ਫੋਰਟਿਸ ਹਸਪਤਾਲ ਵਿਖੇ ਇਕ ਮੇਲ ਨਰਸ ਦੇ ਕਤਲ ਕੀਤੇ ਜਾਣ ਦੀ ਖਬਰ ਮਿਲੀ ਹੈ। ਨੌਜਵਾਨ ਦੀ ਪਛਾਣ 29 ਸਾਲਾ ਅਰੁਣ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਅਰੁਣ ਜਦੋਂ ਫੋਰਟਿਸ ਹਸਪਤਾਲ ਤੋਂ ਆਪਣੀ ਡਿਊਟੀ ਖਤਮ ਕਰਕੇ ਵਾਪਸ ਜਾ ਰਿਹਾ ਸੀ ਤਾਂ ਸ਼ਰਾਬ ਦੇ ਠੇਕੇ ਦੇ ਬਾਹਰ ਖੜ੍ਹੇ ਲਗਭਗ 4-5 ਅਣਪਛਾਤੇ ਵਿਅਕਤੀਆਂ ਨਾਲ ਅਰੁਣ ਦੀ ਬਹਿਸ ਹੋ ਗਈ ਤੇ ਬਹਿਸ ਇੰਨੀ ਜ਼ਿਆਦਾ ਵਧ ਗਈ ਕਿ ਉਕਤ ਅਣਪਛਾਤਿਆਂ ਨੇ ਅਰੁਣ ਦਾ ਕਤਲ ਕਰ ਦਿੱਤਾ। ਨੌਜਵਾਨਾਂ ਨੇ ਪਹਿਲਾਂ ਉਸ ਨਾਲ ਕੁੱਟਮਾਰ ਕੀਤੀ ਤੇ ਫਿਰ ਗਲਾ ਘੋਟ ਕੇ ਉਸ ਦੀ ਹੱਤਿਆ ਕਰ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਅਰੁਣ ਦੇ ਪਿਤਾ ਵਿਜੇ ਕੁਮਾਰ ਜੋ ਕਿ ਪੰਜਾਬ ਰੋਡਵੇਜ਼ ਬਟਾਲਾ ਤੋਂ ਰਿਟਾਇਰਡ ਸੁਪਰਡੈਂਟ ਹਨ, ਦੇ ਬਿਆਨਾਂ ਦੇ ਆਧਾਰ ‘ਤੇ ਕਮਲ ਗਰੇਵਾਲ ਤੇ 3 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਅਰੁਣ ਦੇ ਪਿਤਾ ਵਿਜੇ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਲਗਭਗ 9.30 ਵਜੇ ਉਸ ਦੇ ਪੁੱਤਰ ਨੇ ਉਸ ਨੂੰ ਫੋਨ ਕੀਤਾ ਕਿ ਡਾਕਟਰ ਲਵ ਲੂਥਰਾ ਨੇ ਉਸ ਨੂੰ ਦੁਬਾਰਾ ਹਸਪਤਾਲ ਬੁਲਾਇਆ ਹੈ ਇਸ ਲਈ ਉਹ ਹਸਪਤਾਲ ਜਾ ਰਿਹਾ ਹੈ। ਇਸ ਤੋਂ ਬਾਅਦ ਵਿਜੈ ਕੁਮਾਰ ਰਾਤ ਦਾ ਖਾਣਾ ਖਾ ਲਗਭਗ 10.45 ਵਜੇ ਸੈਰ ਕਰਨ ਲਈ ਨਿਕਲ ਗਏ ਤੇ ਰਸਤੇ ਵਿਚ ਉਨ੍ਹਾਂ ਨੇ ਦੇਖਿਆ ਕਿ 4-5 ਅਣਪਛਾਤੇ ਨੌਜਵਾਨਾਂ ਉਸ ਦੇ ਪੁੱਤਰ ਨਾਲ ਮਾਰਕੁੱਟ ਕਰ ਰਹੇ ਸਨ। ਉਕਤ ਵਿਅਕਤੀਆਂ ਵਲੋਂ ਕੁੱਟਮਾਰ ਤੋਂ ਬਾਅਦ ਗਲਾ ਘੋਟ ਕੇ ਅਰੁਣ ਦਾ ਕਤਲ ਕਰ ਦਿੱਤਾ ਗਿਆ।
ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। SHO ਰਜਨੀਸ਼ ਚੌਧਰੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਫੜਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।