Manjit Kaur 56 : ਕਿਸੇ ਨੇ ਸੱਚ ਕਿਹਾ ਹੈ ਕਿ ਪੜ੍ਹਾਈ ਦੀ ਕੋਈ ਉਮਰ ਨਹੀਂ ਹੁੰਦੀ। ਜੇਕਰ ਮਨ ਵਿਚ ਪੜ੍ਹਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਰੁਕਾਵਟ ਨਹੀਂ ਆ ਸਕਦੀ। ਪਿੰਡ ਬੋਹਣ ਦੀ 56 ਸਾਲ ਦੀ ਨੰਬਰਦਾਰਨੀ ਮਨਜੀਤ ਕੌਰ ਨੇ 40 ਸਾਲ ਬਾਅਦ ਦੁਬਾਰਾ ਪੜ੍ਹਾਈ ਕਰਕੇ ਇਕ ਮਿਸਾਲ ਕਾਇਮ ਕੀਤੀ ਹੈ। ਮਨਜੀਤ ਕੌਰ ਨੇ ਓਪਨ ਸਕੂਲ ਤੋਂ 12ਵੀਂ ਕਲਾਸ ਵਿਚੋਂ 450 ‘ਚੋਂ 312 ਨੰਬਰ 69 ਫੀਸਦੀ ਅੰਕ ਹਾਸਲ ਕਰਕੇ ਔਰਤਾਂ ਤੇ ਸਮਾਜ ਲਈ ਮਿਸਾਲ ਕਾਇਮ ਕੀਤੀ ਹੈ। ਮਨਜੀਤ ਕੌਰ ਦਾ ਸੁਪਨਾ ਵਕੀਲ ਬਣਨ ਦਾ ਹੈ। ਜਦੋਂ ਕੋਰਟ ਵਿਚ ਇਕ ਬਜ਼ੁਰਗ ਨਾਲ ਵਕੀਲ ਨੇ ਗਲਤ ਵਿਵਹਾਰ ਕੀਤਾ ਤਾਂ ਉਨ੍ਹਾਂ ‘ਤੇ ਇਸ ਗੱਲ ਦਾ ਡੂੰਘਾ ਅਸਰ ਪਿਆ ਅਤੇ ਉਨ੍ਹਾਂ ਨੇ ਵਕੀਲ ਬਣਕੇ ਬਜ਼ੁਰਗ ਲੋਕਾਂ ਦੇ ਕੇਸ ਫ੍ਰੀ ਲੜਨ ਦਾ ਇਰਾਦਾ ਕੀਤਾ।
ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੇਕਾ ਪਿੰਡ ਕੰਦੋਲਾ (ਆਦਮਪੁਰ) ਹੈ। ਉਨ੍ਹਾਂ ਨੇ ਸੰਨ 1979 ਵਿਚ ਪਿੰਡ ਡਰੋਲੀ ਕਲਾਂ ਦੇ ਸਰਕਾਰੀ ਸਕੂਲ ਤੋਂ ਤੀਜੀ ਡਵੀਜ਼ਨ ਵਿਚ 10ਵੀਂ ਪਾਸ ਕੀਤੀ ਸੀ। ਉਸ ਸਮੇਂ ਉਨ੍ਹਾਂ ਦੇ ਪਿੰਡ ਤੋਂ ਸਿਰਫ 2 ਹੋਰ ਕੁੜੀਆਂ ਹੀ ਪੜ੍ਹਨ ਜਾਂਦੀਆਂ ਸਨ। 1980 ਵਿਚ ਉਨ੍ਹਾਂ ਦਾ ਵਿਆਹ ਪਿੰਡ ਬੋਹਣ ਦੇ ਦਰਸ਼ਨ ਸਿੰਘ ਨਾਲ ਹੋ ਗਈ। ਵਕੀਲ ਬਣਨ ਲਈ 12ਵੀਂ ਪਾਸ ਕਰਨਾ ਜ਼ਰੂਰੀ ਸੀ, ਜੋ ਹੁਣ ਉਨ੍ਹਾਂ ਨੇ ਕਰ ਲਈ ਹੈ। ਨੰਬਰਦਾਰਨੀ ਹੋਣ ਕਾਰਨ ਉਨ੍ਹਾਂ ਨੂੰ ਵਕੀਲ ਦੀ ਪੜ੍ਹਾਈ ਕਰਨ ਲਈ ਡੀ. ਸੀ. ਤੋਂ ਮਨਜ਼ੂਰੀ ਲੈਣੀ ਪਵੇਗੀ, ਜੋ ਕਿ ਜਲਦ ਹੀ ਦੇ ਦਿੱਤੀ ਜਾਵੇਗੀ। ਬੋਹਣ ਦੇ ਸਰਕਾਰੀ ਸਕੂਲ ਦੇ ਲੈਕਚਰਾਰ ਮਨੀਸ਼ ਕੁਮਾਰ ਨੇ ਦੱਸਿਆਕਿ ਮਨਜੀਤ ਕੌਰ ਨੇ ਉਨ੍ਹਾਂ ਨੂੰ ਸਕੂਲ ਵਿਚ ਬੈਠ ਕੇ ਪੜ੍ਹਾਈ ਕਰਨ ਦੀ ਮਨਜ਼ੂਰੀ ਮੰਗੀ ਸੀ। ਉਨ੍ਹਾਂ ਦਾ ਟੀਚਾ ਤੇ ਜਜ਼ਬਾ ਦੇਖ ਕੇਉਨ੍ਹਾਂ ਨੇ ਸਾਰੇ ਅਧਿਆਪਕਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਇਸ ਦੀ ਮਨਜ਼ੂਰੀ ਦੇ ਦਿੱਤੀ। ਉਨ੍ਹਾਂ ਨੇ ਆਨਲਾਈਨ ਪੜ੍ਹਾਈ ਦੌਰਾਨ ਵੀ ਉਨ੍ਹਾਂ ਨੇ ਕਦੇ ਕਲਾਸ ਮਿਸ ਨਹੀਂ ਕੀਤੀ। 2007-2008 ‘ਚ ਮਨਜੀਤ ਕੌਰ ਨੂੰ ਕੈਂਸਰ ਹੋਣ ਦਾ ਵੀ ਪਤਾ ਲੱਗਾ। ਉਸ ਦਾ ਇਲਾਜ ਸ਼ੁਰੂ ਹੋਇਆ ਤੇ ਆਖਿਰ ਉਨ੍ਹਾਂ ਨੇ ਬੀਮਾਰੀ ਨੂੰ ਮਾਤ ਦੇ ਦਿੱਤੀ ਤੇ ਅੱਜ ਕਲ ਉਹ ਪੁਸ਼ਤੈਣੀ ਖੇਤੀਬਾੜੀ ਦੇਖ ਰਹੀ ਹੈ।