MBBS students in : ਚੀਨ ਵਿਚ MBBS (ਬੈਚੁਲਰ ਆਫ ਮੈਡੀਸਨ ਐਂਡ ਬੈਲਚਰ ਆਫ ਸਰਜਰੀ) ਕਰ ਰਹੇ ਭਾਰਤੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਚੀਨ ਦੀਆਂ ਯੂਨੀਵਰਸਿਟੀਆਂ ਨੇ ਵਿਦਿਆਰਥੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਨ੍ਹਾਂ ਨੂੰ ਇੰਟਰਨਸ਼ਿਪ ਚੀਨ ਵਿਚ ਹੀ ਕਰਨੀ ਹੋਵੇਗੀ। ਪਹਿਲਾਂ ਦੀ ਤਰ੍ਹਾਂ ਭਾਰਤ ਵਿਚ ਇੰਟਰਨਸ਼ਿਪ ਨਹੀਂ ਕਰ ਸਕਣਗੇ। ਯੂਨਵਰਸਿਟੀਆਂ ਦੇ ਇਸ ਫਰਮਾਨ ਨਾਲ ਹੁਣ ਉਨ੍ਹਾਂ ਵਿਦਿਆਰਥੀਆਂ ਨੂੰ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਰੁਕਣ ਤੋਂ ਬਾਅਦ ਇੰਟਰਨਸ਼ਿਪ ਲਈ ਫਿਰ ਤੋਂ ਚੀਨ ਜਾਣਾ ਪਵੇਗਾ ਤੇ ਇਸ ਦੌਰਾਨ ਉਨ੍ਹਾਂ ਦਾ ਇਕ ਸਾਲ ਬਰਬਾਦ ਹੋ ਜਾਵੇਗਾ।
ਇੰਟਰਨਸ਼ਿਪ ਕਰਨ ਲਈ ਚੀਨ ਜਾਣ ਵਾਸਤੇ ਵਿਦਿਆਰਥੀਆਂ ਨੂੰ 6 ਲੱਖ ਰੁਪਏ ਦਾ ਵਾਧੂ ਖਰਚ ਵੀ ਕਰਨਾ ਪਵੇਗਾ। ਪਠਾਨਕੋਟ ਤੋਂ ਚਾਰ ਤੇਪੰਜਾਬ ਤੋਂ ਲਗਭਗ 50 ਵਿਦਿਆਰਥੀ ਅਜਿਹੇ ਹਨ ਜੋ ਕਿ ਚੀਨ ਤੋਂ MBBS ਕਰ ਰਹੇ ਹਨ। ਮਾਪਿਆਂ ਦਾ ਕਹਿਣਾ ਹੈ ਕਿ ਭਾਰਤ ਤੇ ਚੀਨ ਦੇ ਵਿਚ ਲੱਦਾਖ ਵਿਚ ਚੱਲ ਰਹੇ ਵਿਵਾਦ ਕਾਰਨ ਚੀਨ ਨੇ ਇਹ ਕਦਮ ਚੁੱਕਿਆ ਹੈ। ਕੇਂਦਰ ਸਰਕਾਰ ਨੂੰ ਇਸ ‘ਚ ਦਖਲ ਦੇ ਕੇ ਕੋਈ ਹੱਲ ਲੱਭਣਾ ਚਾਹੀਦਾ ਹੈ। ਚੀਨ ਵਿਚ MBBS ਕਰਨ ਵਾਲੇ ਪਠਾਨਕੋਟ ਦੇ ਵਿਦਿਆਰਥੀ 12 ਜਨਵਰੀ ਨੂੰ ਛੁੱਟੀਆਂ ‘ਤੇ ਭਾਰਤ ਆਏ ਸਨ ਪਰ ਇਸ ਦੌਰਾਨ ਕੋਰੋਨਾ ਮਹਾਮਾਰੀ ਆਉਣ ਕਾਰਨ ਵਿਦਿਆਰਥੀ ਭਾਰਤ ਵਿਚ ਹੀ ਫਸ ਗਏ। ਮਈ ਵਿਚ MBBS ਦੇ ਚਾਰ ਸਾਲ ਪੂਰੇ ਹੋਣ ਵਾਲੇ ਸਨ ਤੇ ਇਸ ਤੋਂ ਬਾਅਦ ਉਹ ਭਾਰਤ ਵਿਚ ਹੀ ਇੰਟਰਨਸ਼ਿਪ ਕਰ ਸਕਦੇ ਹਨ ਪਰ ਹੁਣ ਕੁਝ ਦਿਨ ਪਹਿਲਾਂ ਹੀ ਚੀਨ ਨੇ ਆਪਣੀ ਵੈੱਬਸਾਈਟ ‘ਤੇ ਵਿਦਿਆਰਥੀਆਂ ਨੂੰ ਨਿਰਦੇਸ਼ ਦਿੱਤੇ ਕਿ ਉਨ੍ਹਾਂ ਨੂੰ ਚੀਨ ਵਿਚ ਹੀ ਇੰਟਰਨਸ਼ਿਪ ਕਰਨੀ ਪਵੇਗੀ।
ਚੀਨ ਵਿਚ ਕੀਤੀ ਗਈ ਪੰਜ ਸਾਲ ਦੀ ਐੱਮ. ਬੀ. ਬੀ. ਐੱਸ. ਨੂੰ ਭਾਰਤ ਵਿਚ ਮਾਨਤਾ ਉਦੋਂ ਮਿਲਦੀ ਹੈ ਜਦੋਂ ਵਿਦਿਆਰਥੀ MCI (ਮੈਡੀਕਲ ਕੌਂਸਲ ਆਫ ਇੰਡੀਆ) ਦੀ ਪ੍ਰੀਖਿਆ ਪਾਸ ਕਰ ਲੈਂਦੇ ਹਨ। ਮਾਪਿਆਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ ਨੂੰ ਲੈ ਕੇ ਗੱਲ ਕਰਨੀ ਚਾਹੀਦੀ ਹੈ ਤੇ ਵਿਦਿਆਰਥੀਆਂ ਦੇ ਹੋਣ ਵਾਲੇ ਪੜ੍ਹਾਈ ਦੇ ਨੁਕਸਾਨ ਨੂੰ ਧਿਆਨ ਵਿਚ ਰੱਖਦੇ ਹੋਏ ਕੋਈ ਕਦਮ ਚੁੱਕਣਾ ਚਾਹੀਦਾ ਹੈ।