MGNREGA WORKERS GET : ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਪਹਿਲ ਸਦਕਾ , ਬਰਸਾਤ ਦੇ ਮੌਸਮ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਦੀ ਮੁਢਲੀ ਕੜੀ ਵਜੋਂ ਪਿੰਡਾਂ ਵਿੱਚ ਟੋਏ ਪੁੱਟਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ।ਪੰਜਾਬ ਦੇ ਵਾਤਾਵਰਨ ਨੂੰ ਸਾਫ ਅਤੇ ਸਵੱਛ ਰੱਖਣ ਦੇ ਮੰਤਵ ਨਾਲ ਸਰਕਾਰ ਰੁੱਖਾਂ ਹੇਠ ਰਕਬਾ ਵਧਾਉਣ ਲਈ ਯਤਨਸ਼ੀਲ ਹੈ । ਅਜਿਹਾ ਕਰਕੇ ਪਿੰਡਾਂ ਦੇ ਮਨਰੇਗਾ ਵਰਕਰਾਂ ਨੂੰ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਨ ਸਬੰਧੀ ਸੀਮਾ ਜੈਨ ਵਿੱਤੀ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ ।ਅਜਿਹਾ ਕਰਨ ਨਾਲ ਜਿੱਥੇ ਪਿੰਡਾਂ ਵਿਚ ਹਰਿਆਲੀ ਆਵੇਗੀ ਉੱਥੇ ਹੀ ਮਨਰੇਗਾ ਮਜ਼ਦੂਰਾਂ ਨੂੰ ਰੁਜ਼ਗਾਰ ਦੇ ਕੇ ਉਨ੍ਹਾਂ ਨੂੰ ਆਰਥਿਕ ਤੌਰ ਤੇ ਖੁਸ਼ਹਾਲ ਕੀਤਾ ਜਾਵੇਗਾ ।
ਇਸ ਸਬੰਧੀ ਅੱਜ ਕਪੂਰਥਲਾ ਜ਼ਿਲ੍ਹੇ ਦੇ ਪਿੰਡਾਂ ਡਡਵਿੰਡੀ ,ਕਮਾਲਪੁਰ ਅਤੇ ਢੈਪਈ ਦਾ ਦੌਰਾ ਕਰਨ ਸਮੇਂ ਵਿਭਾਗ ਦੇ ਜੁਆਇੰਟ ਡਾਇਰੈਕਟਰ ਅਵਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਮਾਰੂ ਪ੍ਰਭਾਵ ਤੋਂ ਮੁਕਤ ਰੱਖਣ ਲਈ ਜਿੱਥੇ ਪਿੰਡਾਂ ਦੇ ਕਿਰਤੀਆਂ ਨੂੰ ਮਨਰੇਗਾ ਅਧੀਨ ਰੋਜ਼ਗਾਰ ਦੇ ਕੇ ਉਨ੍ਹਾਂ ਦੀ ਰੋਜ਼ੀ ਰੋਟੀ ਦੇ ਵਸੀਲੇ ਪੈਦਾ ਕੀਤੇ ਜਾ ਰਹੇ ਨੇ ਉੱਥੇ ਹੀ ਵਰਕਰਾਂ ਵਿੱਚ ਸਮਾਜਿਕ ਦੂਰੀ ਮਾਸਕ ਪਾਉਣ ਅਤੇ ਸਮੇਂ -ਸਮੇਂ ਸਾਂਭਣ ਨਾਲ ਹੱਥ ਧੋਣ ਸਬੰਧੀ ਸਿਹਤ ਵਿਭਾਗ ਦੀਆਂ ਹਿਦਾਇਤਾਂ ਦਾ ਪਾਲਣ ਕੀਤਾ ਜਾ ਰਿਹਾ ਹੈ ।ਪਿੰਡਾਂ ਦੀਆਂ ਪੰਚਾਇਤਾਂ ਨਾਲ ਸਬੰਧਤ ਸਾਂਝੀਆਂ ਥਾਵਾਂ ਜਿਵੇਂ ਖੇਡ ਮੈਦਾਨਾਂ, ਨਹਿਰੀ ਖਾਲੇ ,ਲਿੰਕ ਸੜਕਾਂ ਉੱਪਰ ਖਾਲੀ ਥਾਵਾਂ ਦੀ ਸ਼ਨਾਖਤ ਕਰਕੇ ਉੱਥੇ ਟੋਏ ਪੁੱਟਣ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਕਿ ਬਰਸਾਤ ਦੀ ਸ਼ੁਰੂਆਤ ਵਿੱਚ ਹੀ ਪੌਦੇ ਲਗਾਉਣ ਦਾ ਕੰਮ ਕੀਤਾ ਜਾ ਸਕੇ ਅਤੇ ਬਰਸਾਤ ਦੇ ਮੌਸਮ ਵਿੱਚ ਲਗਾਏ ਗਏ ਇਨਾਂ ਬੂਟਿਆਂ ਦੀ ਨਰੋਈ ਸਿਹਤ ਯਕੀਨੀ ਬਣਾਈ ਜਾ ਸਕੇ
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਪ੍ਰੋਗਰਾਮ ਅਧੀਨ ਪਿਛਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਲਗਾਏ ਗਏ ਪੌਦਿਆਂ ਵਿੱਚੋਂ ਨਾ ਚੱਲੇ ਪੌਦਿਆਂ ਦੀ ਜਗ੍ਹਾ ਤੇ ਨਵੇਂ ਬੂਟੇ ਲਗਾਏ ਜਾਣ ਦੀ ਕਾਰਵਾਈ ਬਰਸਾਤ ਦੇ ਮੌਸਮ ਵਿੱਚ ਯਕੀਨੀ ਬਣਾਈ ਜਾਵੇਗੀ, ਪਿੰਡਾਂ ਵਿੱਚ ਲਿੰਕ ਸੜਕਾਂ ਤੇ ਫਲਦਾਰ ਅਤੇ ਸਾਂਝੀਆਂ ਥਾਵਾਂ ਜਿਵੇਂ ਸ਼ਮਸ਼ਾਨ ਘਾਟ ਅਤੇ ਖੇਡ ਦੇ ਗਰਾਊਂਡਾਂ ਵਿੱਚ ਛਾਂ – ਦਾਰ ਪੌਦੇ ਲਗਾਏ ਜਾਣ ਦੀ ਤਜਵੀਜ਼ ਹੈ ।ਇਸ ਪਲਾਂਟੇਸ਼ਨ ਸੀਜ਼ਨ ਵਿੱਚ ਪੌਦੇ ਲਗਾਉਣ ਲਈ ਮਗਨਰੇਗਾ ਨਰਸੀਆਂ ਵਿੱਚ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਪੌਦੇ ਤਿਆਰ ਕੀਤੇ ਜਾ ਚੁੱਕੇ ਹਨ ।ਉਨ੍ਹਾਂ ਵੱਲੋਂ ਕੀਤੇ ਇਸ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਅਮਰਜੀਤ ਸਿੰਘ ਬੀਡੀਪੀਓ ਕਪੂਰਥਲਾ ਰਾਜੇਸ਼ ਰਾਏ ਆਈ ਟੀ ਮੈਨੇਜਰ ਵਿਸ਼ਾਲ ਅਰੋੜਾ ਏਪੀਓ ਮਗਨਰੇਗਾ ਹਾਜ਼ਰ ਸਨ ।