Minor girl abducted : ਪਾਨੀਪਤ : ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਤੋਂ 13 ਸਾਲਾ ਨਾਬਾਲਗ ਦਾ ਦੇਰ ਸ਼ਾਮ ਅਗਵਾ ਕਰਕੇ ਦੋਸ਼ੀ ਨੌਜਵਾਨ ਪੰਜਾਬ ਦੇ ਮੋਗਾ ਪੁੱਜ ਗਿਆ ਜਿਥੇ ਲਗਭਗ 6 ਘੰਟਿਆਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਪੁਲਿਸ ਨੇ ਉਸ ਦੇ ਕਬਜ਼ੇ ਤੋਂ ਨਾਬਾਲਿਗਾ ਨੂੰ ਬਰਾਮਦ ਕਰ ਲਿਆ ਹੈ। ਕੇਸ ਹੱਲ ਹੋਣ ਤੋਂ ਬਾਅਦ ਪਰਿਵਾਰ ਮੈਂਬਰਾਂ ਨੇ ਵੀ ਸੁੱਖ ਦਾ ਸਾਹ ਲਿਆ। ਦੋਸ਼ੀ ਕਰਨਾਲ ਦੀ ਵਿਕਾਸ ਕਾਲੋਨੀ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮਾਡਲ ਟਾਊਨ ਵਾਸੀ ਨਾਬਾਲਗ ਸਕੂਟੀ ‘ਤੇ ਸਵਾਰ ਹੋ ਕੇ ਆਪਣੇ ਸਹੇਲੀ ਘਰ ਗਈ ਸੀ। ਦੇਰ ਸ਼ਾਮ ਤੱਕ ਜਦੋਂ ਉਹ ਘਰ ਨਹੀਂ ਪਰਤੀ ਤਾਂਉਸ ਦੇ ਮਾਤਾ-ਪਿਤਾ ਕਾਰ ‘ਚ ਸਵਾਰ ਹੋ ਕੇ ਉਸ ਦੀ ਭਾਲ ਕਰਨ ਲੱਗੇ। ਉਸ ਦੀ ਸਕੂਟੀ ਤੇਜਿੰਦਰਾ ਪਾਰਕ ਨੇੜੇ ਮਿਲੀ ਤਾਂ ਬੇਟੀ ਨੂੰ ਇੱਕ ਮਾਰੂਤੀ ਜ਼ੈਨ ਕਾਰ ‘ਚ ਅਗਵਾ ਕਰਕੇ ਲੈ ਜਾਂਦੇ ਹੋਏ ਨੌਜਵਾਨ ਨੂੰ ਵੀ ਦੇਖਿਆ ਗਿਆ।
ਪਰਿਵਾਰਕ ਮੈਂਬਰਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਉਨ੍ਹਾਂ ਨੇ ਐੱਸ.ਪੀ. ਗੰਗਾਰਾਮ ਪੂਨੀਆ ਨਾਲ ਵੀ ਮੁਲਾਕਤ ਕੀਤੀ ਤਾਂ ਉਨ੍ਹਾਂ ਦੇ ਹੁਕਮ ‘ਤੇ ਸੀ. ਆਈ. ਏ. ਥਾਣਾ ਸਿਵਲ ਲਾਈਨ, ਮਡਾਲ ਟਾਊਨ ਚੌਕੀ ਤੇ ਮਹਿਲਾ ਥਾਣੇ ਦੀਆਂ ਟੀਮਾਂ ਸਰਗਰਮ ਹੋ ਗਈਆਂ। ਛਾਪੇਮਾਰੀ ਸ਼ੁਰੂ ਕੀਤੀ ਗਈ। ਪੁਲਿਸ ਬਹੁਤ ਤੇਜ਼ੀ ਨਾਲ ਜਾਂਚ ‘ਚ ਜੁੱਟ ਗਈ। ਇਸੇ ਦੌਰਾਨ ਪੰਜਾਬ ਦੇ ਮੋਗਾ ਕੋਲ ਨਾਕੇਬੰਦੀ ‘ਤੇ ਕਾਰ ਫੜੀ ਗਈ। ਇਸ ਤੋਂ ਬਾਅਦ ਸੂਚਨਾ ‘ਤੇ ਸੀ. ਆਈ. ਏ. ਤੇ ਇੱਕ ਹੋਰ ਟੀਮ ਮੌਕੇ ‘ਤੇ ਪੁੱਜੀ ਤੇ ਲਗਭਗ 6 ਘੰਟੇ ਬਾਅਦ ਹੀ ਨਾਬਾਲਗ ਨੂੰ ਬਰਾਮਦ ਕਰ ਲਿਆ ਤੇ ਨਾਲ ਹੀ ਦੋਸ਼ੀ ਨੂੰ ਵੀ ਕਾਰ ਸਮੇਤ ਫੜ ਲਿਆ ਗਿਆ।
ਮਾਡਲ ਟਾਊਨ ਪੁਲਿਸ ਚੌਕੀ ਇੰਚਾਰਜ ਜੀਤੇਂਦਰ ਸਿੰਘ ਦਾ ਕਹਿਣਾ ਹੈ ਕਿ ਨਾਬਾਲਗ ਕਾਫੀ ਡਰੀ ਹੋਈ ਹੈ। ਉਸ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਹੈ। ਨਾਬਾਲਿਗਾ ਦੀ ਕਾਊਸਲਿੰਗ ਕਰਵਾਈ ਜਾ ਰਹੀ ਹੈ ਤਾਂ ਉਥੇ ਦੋਸ਼ੀ ਨੌਜਵਾਨ ਤੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ। ਘਟਨਾ ਨੂੰ ਲੈ ਕੇ ਰਾਤ ਨੂੰ ਹੀ ਕੇਸ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਸੀ। ਨਾਬਾਲਿਗਾ ਦੇ ਮਾਤਾ-ਪਿਤਾ ਨੇ ਕਿਹਾ ਕਿ ਬੇਟੀ ਦੇ ਅਗਵਾ ਕਾਰਨ ਉਹ ਬਹੁਤ ਪ੍ਰੇਸ਼ਾਨ ਸਨ ਤੇ ਪੂਰੀ ਰਾਤ ਸੌਂ ਨਹੀਂ ਸਕੇ ਪਰ ਹੁਣ ਪੁਲਿਸ ਵਾਲਿਆਂ ਦੀ ਮਦਦ ਸਦਕਾ ਉਨ੍ਹਾਂ ਦੀ ਬੇਟੀ ਉਨ੍ਹਾਂ ਨੂੰ ਮਿਲ ਗਈ ਹੈ ਤੇ ਇਸ ਲਈ ਉਹ ਪੁਲਿਸ ਵਾਲਿਆਂ ਦਾ ਧੰਨਵਾਦ ਕਰਦੇ ਹਨ।