Missing newborn baby : ਜਲੰਧਰ : ਸਿਵਲ ਹਸਪਤਾਲ ਤੋਂ ਚੋਰੀ ਹੋਏ ਡੇਢ ਦਿਨ ਦੇ ਬੱਚੇ ਨੂੰ ਪੁਲਿਸ ਵਲੋਂ ਬਰਾਮਦ ਕੀਤੇ ਜਾਣ ਤੋਂ ਬਾਅਦ ਹੁਣ ਬੱਚੇ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਜਿਥੋਂ ਉਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹੈ। ਹੁਣ ਤਕ ਪੁਲਿਸ ਨੇ ਬੱਚਾ ਚੋਰੀ ਕਰਨ ਵਾਲਿਆਂ ਬਾਰੇ ਕੁਝ ਨਹੀਂ ਦੱਸਿਆ ਹੈ ਪਰ ਸ਼ੁਰੂਆਤੀ ਜਾਂਚ ਮੁਤਾਬਕ ਬੱਚਾ ਚੋਰੀ ਕਰਨ ਦੇ ਮਾਮਲੇ ‘ਚ 5 ਲੋਕ ਸ਼ਾਮਲ ਹਨ ਜਿਨ੍ਹਾਂ ‘ਚ 2 ਔਰਤਾਂ ਵੀ ਹਨ। ਬੱਚੇ ਦੇ ਮਾਂ-ਪਿਓ ਤੇ ਦੂਜੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਤੁਰੰਤ ਉਨ੍ਹਾਂ ਨੂੰ ਇਨ੍ਹਾਂ ਦੋਸ਼ੀਆਂ ਦੇ ਨਾਂ ਦੱਸੇ ਜਾਣ। ਇਸ ਨੂੰ ਲੈ ਕੇ ਉਨ੍ਹਾਂ ਨੇ ਸਿਵਲ ਹਸਪਤਾਲ ‘ਚ ਹੰਗਾਮਾ ਕੀਤਾ ਗਿਆ।
ਪੁਲਿਸ ਮੁਤਾਬਕ ਇਹ ਬੱਚਾ ਨਕੋਦਰ ਦੇ ਪਿੰਡ ਖੁਰਸੈਦਪੁਰ ਤੋਂ ਬਰਾਮਦ ਕੀਤਾ ਗਿਆ ਹੈ। ਬੱਚੇ ਨੂੰ ਵੇਚਿਆ ਗਿਆ ਸੀ ਜਾਂ ਕੋਈ ਲੋੜਵੰਦ ਲੈ ਗਿਆ ਸੀ ਇਸ ਬਾਰੇ ਅਜੇ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਦੇ ਨਾਲ-ਨਾਲ ਸਿਵਲ ਹਸਪਤਾਲ ਪ੍ਰਸ਼ਾਸਨ ਵੀ ਬੱਚੇ ਦੇ ਲਾਪਤਾ ਹੋਣ ਨਾਲ ਹੈਰਾਨ ਸਨ। ਸ਼ੁੱਕਰਵਾਰ ਨੂੰ ਮੈਡੀਕਲ ਸੁਪਰਟੈਂਡੈਂਟ ਡਾ. ਮਨਦੀਪ ਕੌਰ ਨੇ SMO ਡਾ. ਗੁਰਿੰਦਰਬੀਰ ਕੌਰ, ਡਾ. ਕੁਲਵਿੰਦਰ ਕੌਰ, ਬਾਲ ਰੋਗ ਮਾਹਿਰ ਮਨੀਸ਼ ਕੁਮਾਰ ਤੇ ਨਰਸਿੰਗ ਸੁਪਰਡੈਂਟ ਦੀ ਟੀਮ ਬਣਾ ਕੇ ਇਸ ਮਾਮਲੇ ਦੀ ਜਾਂਚ ਰਿਪੋਰਟ ਤਿਆਰ ਕਰਨ ਨੂੰ ਕਿਹਾ ਸੀ।
ਇਥੇ ਇਹ ਦੱਸਣਯੋਗ ਹੈ ਕਿ ਵੀਰਵਾਰ ਨੂੰ ਜਲੰਧਰ ਦੇ ਸਿਵਲ ਹਸਪਤਾਲ ਦੇ ਨਿੱਕੂ ਵਾਰਡ ਦਿਨ-ਦਿਹਾੜੇ ਹੀ ਇਕ ਛੋਟਾ ਬੱਚਾ ਗਾਇਬ ਹੋ ਗਿਆ ਸੀ। ਦੁਪਿਹਰ 12.50 ਮਿੰਟ ‘ਤੇ ਸਿਵਲ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ ‘ਚ ਬੱਚੇ ਨੇ ਜਨਮ ਲਿਆ। 1.15 ਵਜੇ ਉਸ ਨੂੰ ਨਿੱਕੂ ਵਾਰਡ ‘ਚ ਬਣੇ ਕੇਅਰ ਬਾਕਸ ‘ਚ ਜਾਂਚ ਲਈ ਰੱਖਿਆ ਗਿਆ ਅਤੇ 1.45 ਵਜੇ ਬੱਚਾ ਗਾਇਬ ਹੋ ਗਿਆ ਸੀ।