Mohali: Youth Akali : ਮੋਹਾਲੀ : ਯੂਥ ਅਕਾਲੀ ਦਲ ਮੋਹਾਲੀ ਨੇ ਕੋਰੋਨਾ ਮਰੀਜ਼ ਦੇ ਬੇਹਤਰ ਇਲਾਜ ਲਈ ਪਲਾਜ਼ਮਾ ਦਾਨ ਕਰਨ ਦੀ ਮੁਹਿੰਮ ਚਲਾਈ ਹੈ। ਜਿਲ੍ਹਾ ਮੋਹਾਲੀ ਸ਼ਹਿਰੀ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਤੇ ਦਿਹਾਤੀ ਪ੍ਰਧਾਨ ਮਨਜੀਤ ਸਿੰਘ ਮਲਕਪੁਰ ਨੇ ਕਿਹਾ ਕਿ ਪੰਜਾਬ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਵੱਲੋਂ ਕੋਰੋਨਾ ਪੀੜਤ ਮਰੀਜ਼ਾਂ ਲਈ ਪਲਾਜ਼ਮਾ ਦਾਨ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ ਜਿਲ੍ਹਾ ਮੋਹਾਲੀ ‘ਚ ਯੂਥ ਅਕਾਲੀ ਨੇਤਾਵਾਂ ਤੇ ਵਰਕਰਾਂ ਵੱਲੋਂ ਉਤਸ਼ਾਹ ਨਾਲ ਕੰਮ ਕੀਤਾ ਜਾਵੇਗਾ। ਦਿਹਾਤੀ ਪ੍ਰਧਾਨ ਮਲਕਪੁਰ ਨੇ ਕਿਹਾ ਕਿ ਕੋਰੋਨਾ ਪੀੜਤਾਂ ਦੀ ਮਦਦ ਲਈ ਸ਼ੁਰੂ ਕੀਤੀ ਜਾ ਰਹੀ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਲੋਕਾਂ ਤੋਂ ਵੀ ਸੁਝਾਅ ਮੰਗੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਨਾਲ ਜੰਗ ਜਿੱਤ ਕੇ ਆਇਆ ਹਰੇਕ ਯੂਥ ਅਕਾਲੀ ਨੇਤਾ ਇਸ ਮੁਹਿੰਮ ਦਾ ਹਿੱਸਾ ਬਣੇਗਾ ਕਿਉਂਕਿ ਇਸ ਸਮੇਂ ‘ਤੇ ਲੋਕਾਂ ਦੀ ਜਾਨ ਬਚਾਉਣਾ ਸਭ ਤੋਂ ਮਹੱਤਵਪੂਰਨ ਹੈ।
ਯੂਥ ਅਕਾਲੀ ਨੇਤਾ ਸੋਹਾਣਾ ਨੇ ਕਿਹਾ ਕਿ ਭਾਵੇਂ ਹੀ ਕੁਝ ਰਾਜਨੀਤਕ ਪਾਰਟੀਆਂ ਇਸ ਗੰਭੀਰ ਮੁੱਦੇ ‘ਤੇ ਰਾਜਨੀਤੀ ਕਰਨ ‘ਚ ਲੱਗੀਆਂ ਹੋਈਆਂ ਹਨ ਪਰ ਯੂਥ ਅਕਾਲੀ ਦਲ ਆਪਣੀ ਪਾਰਟੀ ਦੀ ਸੇਵਾ ਵਾਲੀ ਵਿਚਾਧਾਰਾ ‘ਤੇ ਚੱਲਦੇ ਹੋਏ ਕੋਰੋਨਾ ਪੀੜਤਾਂ ਦੇ ਇਲਾਜ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪਲਾਜ਼ਮਾ ਦਾਨ ਮੁਹਿੰਮ ਨੂੰ ਸਫਲ ਬਣਾਉਣ ਲਈ ਹਸਪਤਾਲਾਂ ਨਾਲ ਸੰਪਰਕ ਕੀਤਾ ਜਾਵੇਗਾ।
ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣਾ ਯਕੀਨੀ ਬਣਾਇਆ ਜਾਵੇਗਾ। ਯੂਥ ਅਕਾਲੀ ਦਲ ਇਸ ਲੋਕ ਸੇਵਾ ਲਈ ਦਿਨ-ਰਾਤ ਇੱਕ ਕਰਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਕੋਰੋਨਾ ਨਾਲ ਮੌਤਾਂ ਦੀ ਦਰ ਵਧਣਾ ਚਿੰਤਾਜਨਕ ਹੈ। ਲੋਕਾਂ ਦਾ ਸਰਕਾਰ ਤੋਂ ਵਿਸ਼ਵਾਸ ਉਠ ਚੁੱਕਾ ਹੈ। ਲੋਕ ਸਰਕਾਰੀ ਹਸਪਤਾਲਾਂ ‘ਚ ਇਲਾਜ ਕਰਵਾਉਣਾ ਨਹੀਂ ਚਾਹੁੰਦੇ ਪਰ ਪ੍ਰਾਈਵੇਟ ਹਸਪਤਾਲਾਂ ‘ਚ ਇਲਾਜ ਕਰਵਾਉਣ ਤੋਂ ਉਹ ਅਸਮਰਥ ਹਨ। ਅਜਿਹੇ ‘ਚ ਇਹ ਪਲਾਜ਼ਮਾਨ ਦਾਨ ਕਰਨ ਦੀ ਮੁਹਿੰਮ ਕੋਰੋਨਾ ਮਰੀਜ਼ਾਂ ਲਈ ਮਦਦਗਾਰ ਸਾਬਤ ਹੋਵੇਗੀ।