MSP and marketing : ਕਣਕ ਤੇ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ਅਤੇ ਮੰਡੀਕਰਣ ਨਾਲ ਕੋਈ ਵੀ ਛੇੜਛਾੜ ਨਹੀਂ ਹੋਣ ਦਿੱਤੀ ਜਾਵੇਗੀ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਕਹੀ ਗਈ। ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਵਲੋਂ ਜਾਰੀ ਚੋਣ ਮਨੋਰਥ ਪੱਤਰ ਵਿਚ ਕਿਹਾ ਗਿਆ ਸੀ ਕਿ ਪੰਜਾਬ ਵਿਚ ਪ੍ਰਾਈਵੇਟ ਮੰਡੀਆਂ ਦੀ ਸਥਾਪਨਾ ਨੂੰ ਆਗਿਆ ਦਿੱਤੀ ਜਾਵੇਗੀ ਤੇ ਏ. ਪੀ. ਐੱਮ. ਸੀ. ਐਕਟ ਵਿਚ ਸੋਧ ਵੀ ਕੀਤੀ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਵਲੋਂ ਜਾਰੀ ਮਨੋਰਥ ਪੱਤਰ ਦਿਖਾ ਕੇ ਸਰਕਾਰ ਦੀ ਪੋਲ ਖੋਲ੍ਹ ਦਿੱਤੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਾਂਗਰਸ ਪਾਰਟੀ ਵੱਲੋਂ ਮੱਕੀ ਉਤਪਾਦਕ ਕਿਸਾਨਾਂ ਦੀ ਜਿਣਸ ਖਰੀਦਣ ਵਿਚ ਅਸਫਲ ਰਹਿਣ ‘ਤੇ ਕਾਂਗਰਸ ਪਾਰਟੀ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਪ੍ਰਾਈਵੇਟ ਕੰਪਨੀਆਂ ਤੋਂ ਮਹਿੰਗੇ ਭਾਅ ਖੇਤੀਬਾੜੀ ਮਸ਼ੀਨਰੀ ਖਰੀਦੇ ਜਾਣ ਦੇ ਮਾਮਲੇ ਦੀ CBI ਤੋਂ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ। ਅਸੀਂ ਕਿਸਾਨਾਂ ਦੀਆਂ ਮੁਸ਼ਕਿਲਾਂ ਸਮਝਦੇ ਹਾਂ ਤੇ ਹਮੇਸ਼ਾ ਉਨ੍ਹਾਂ ਦੇ ਹੱਕਾਂ ਲਈ ਲੜੇ ਹਾਂ। ਉਨ੍ਹਾਂ ਕਿਹਾ ਕਿ ਕਿਸਾਨਾਂ ਖਿਲਾਫ ਕੋਈ ਵੀ ਵਿਤਕਰਾ ਨਹੀਂ ਹੋਣ ਦਿੱਤਾ ਜਾਵੇਗਾ। ਅਸੀਂ ਕਿਸੇ ਨੂੰ ਵੀ ਘੱਟੋ ਘੱਟ ਸਮਰਥਨ ਮੁੱਲ ਅਤੇ ਯਕੀਨੀ ਮੰਡੀਕਰਣ ਨਾਲ ਨਾ ਸਿਰਫ ਹੁਣ ਬਲਕਿ ਭਵਿੱਖ ਵਿਚ ਵੀ ਛੇੜਖਾਨੀ ਨਹੀਂ ਕਰਨ ਦਿਆਂਗੇ।
ਸ. ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਨਿੱਜੀ ਕੰਪਨੀਆਂ ਤੋਂ ਖੇਤੀਬਾੜੀ ਮਸ਼ੀਨਰੀ ਦੀ ਖਰੀਦ ਵਿਚ ਘਪਲਾ ਕਰ ਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੋ ਮਸ਼ੀਨਰੀ ਖਰੀਦੀ ਗਈ, ਉਹ ਖੁਲ੍ਹੀ ਮਾਰਕੀਟ ਵਿਚ ਉਪਲਬਧ ਮਸ਼ੀਨਰੀ ਨਾਲੋਂ ਕਿਤੇ ਮਹਿੰਗੇ ਭਾਅ ਖਰੀਦੀ ਗਈ ਤੇ ਇਸਦੀ ਕੁਆਲਟੀ ਵੀ ਮਾੜੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਬਸਿਡੀ ਸਿੱਧੀ ਦਿੱਤੀ ਜਾਣੀ ਚਾਹੀਦੀ ਸੀ ਤੇ ਉੁਨ੍ਹਾਂ ਨੂੰ ਲੋੜ ਮੁਤਾਬਕ ਮਸ਼ੀਨਰੀ ਦੀ ਖਰੀਦ ਦੀ ਆਗਿਆ ਦੇਣੀ ਚਾਹੀਦੀ ਸੀ। ਉਹਨਾਂ ਮੰਗ ਕੀਤੀ ਕਿ ਸਾਰੇ ਘਪਲੇ ਦੀ ਸੀ ਬੀ ਆਈ ਜਾਂਚ ਕਰਵਾਈ ਜਾਵੇ ਕਿਉਂਕਿ ਸੂਬੇ ਦੇ ਖ਼ਜ਼ਾਨੇ ਦੀ ਲੁੱਟ ਵਿਚ ਸਰਕਾਰੀ ਅਫਸਰ ਸਿਆਸਤਦਾਨਾਂ ਨਾਲ ਰਲ ਗਏ ਹਨ।