National and international :ਜਲੰਧਰ : ਕਾਲਜ ਪ੍ਰਬੰਧਕਾਂ ਵਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜੇਕਰ ਕੋਈ ਰਾਸ਼ਟਰੀ ਤੇ ਕੌਮਾਂਤਰੀ ਖਿਡਾਰੀ ਹੁਣ ਕਾਲਜ ਵਿਚ ਦਾਖਲਾ ਲੈਂਦਾ ਹੈ ਤਾਂ ਉਸ ਨੂੰ ਕਾਲਜ ਦੀ ਫੀਸ ਨਹੀਂ ਦੇਣੀ ਪਵੇਗੀ। ਕਾਲਜ ਵਿਚ ਪੜ੍ਹਾਈ ਫ੍ਰੀ ਹੋਵੇਗੀ। ਹੋਸਟਲ ਦੀ ਸਹੂਲਤ ਵੀ ਫ੍ਰੀ ਦਿੱਤੀ ਜਾਵੇਗੀ। ਖਿਡਾਰੀਆਂ ਨੂੰ ਸਿਰਫ ਯੂਨੀਵਰਸਿਟੀ ਚਾਰਜਿਸ ਜਮ੍ਹਾ ਕਰਵਾਉਣੇ ਹੋਣਗੇ। ਰਾਜ ਪੱਧਰੀ ਖਿਡਾਰੀ ਹੈ ਤਾਂ ਉਸ ਦੀ ਫੀਸ ਵਿਚੋਂ ਵੀ 30 ਤੋਂ 40 ਫੀਸਦੀ ਕਟੌਤੀ ਕੀਤੀ ਜਾਵੇਗੀ। ਇਹ ਫੈਸਲਾ ਕਾਲਜ ਪ੍ਰਬੰਧਕਾਂ ਵਲੋਂ ਕੋਵਿਡ-19 ਵਾਇਰਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਲਿਆ ਗਿਆ ਹੈ।
ਕੋਵਿਡ-19 ਕਾਰਨ ਕਾਲਜਾਂ ਵਿਚ ਖੇਡ ਟ੍ਰਾਇਲ ਨਹੀਂ ਲਏ ਗਏ ਹਨ ਤੇ ਨਾ ਹੀ ਟੀਮਾਂ ਦਾ ਗਠਨ ਕੀਤਾ ਗਿਆ ਹੈ। ਸ਼ਹਿਰ ਦੇ ਕਾਲਜਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਵੱਖ-ਵੱਖ ਖੇਡਾਂ ਦੀਆਂ 46 ਟੀਮਾਂ ਬਣਾਈਆਂ ਗਈਆਂ ਸਨ। 3000 ਖਿਡਾਰੀਆਂ ਨੇ ਟ੍ਰਾਇਲ ਦਿੱਤੇ ਸਨ। ਇਸ ਟ੍ਰਾਇਲ ‘ਚ 1200 ਤੋਂ 1500 ਖਿਡਾਰੀਆਂ ਦੀ ਚੋਣ ਕੀਤੀ ਜਾਂਦੀ ਹੈ। ਲਾਇਲਪੁਰ ਖਾਲਸਾ ਕਾਲਜ ਵਲੋਂ ਪਿਛਲੇ ਸਾਲ 600ਖਿਡਾਰੀਆਂ ਦੀ ਫੀਸ ਮੁਆਫ ਕੀਤੀ ਗਈ ਸੀ। ਇਸੇ ਤਰ੍ਹਾਂ ਡੀ. ਏ. ਵੀ. ਕਾਲਜ ਵਲੋਂ 200 ਖਿਡਾਰੀਆਂ ਦੀ ਫੀਸ ਮੁਆਫ ਕੀਤੀ ਗਈ। ਇਸ ਤਰ੍ਹਾਂ ਵੱਖ-ਵੱਖ ਕਾਲਜਾਂ ਵਲੋਂ ਫੀਸ ਮੁਆਫੀ ਦੇ ਉਪਰਾਲੇ ਕੀਤੇ ਗਏ ਹਨ।
ਕੇ. ਐੱਮ. ਵੀ. ਕਾਲਜ ਦੀ ਪ੍ਰਿੰਸੀਪਲ ਡਾ. ਅਤਿਮਾ ਸ਼ਰਮਾ ਨੇ ਕਿਹਾ ਕਿ ਖਿਡਾਰੀਆਂ ਦੀ ਫੀਸ ਦੇ ਨਾਲ-ਨਾਲ ਹੋਸਟਲ ਸਹੂਲਤ ਫ੍ਰੀ ਸੀ। ਯੂਨੀਵਰਸਿਟੀ ਚਾਰਜਿਸ ਵੀ ਮੁਆਫ ਕੀਤੇ ਗਏ ਸਨ। ਇਸ ਸਾਲ ਖਿਡਾਰੀਆਂ ਲਈ ਫੀਸ ਮੁਆਫ, ਹੋਸਟਲ ਦੀ ਸਹੂਲਤ ਫ੍ਰੀ ਹੋਵੇਗੀ ਸਿਰਫ ਯੂਨੀਵਰਿਸਟੀ ਚਾਰਜਿਸ ਦੇਣੇ ਹੋਣਗੇ। DAV ਕਾਲਜ ਦੇ ਪ੍ਰਿੰਸੀਪਲ ਡਾ. ਅਰੋੜਾ ਨੇ ਦੱਸਿਆ ਕਿ ਰਾਸ਼ਟਰੀ ਤੇ ਕੌਮਾਂਤਰੀ ਖਿਡਾਰੀ ਦਾਖਲਾ ਲੈਣ ਵਾਲੇ ਖਿਡਾਰੀਆਂ ਦੀ ਫੀਸ ਮੁਆਫ ਹੋਵੇਗੀ। ਹੋਸਟਲ ਸਹੂਲਤ ਦੇ ਨਾਲ-ਨਾਲ ਖਾਣਾ-ਪੀਣਾ ਵੀ ਫ੍ਰੀ ਹੋਵੇਗਾ। ਲਾਇਲਪੁਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਨੇ ਕਿਹਾ ਕਿ ਫਿਲਹਾਲ ਇੰਟਰ ਕਾਲਜ ਤੇ ਯੂਨੀਵਰਿਸਟੀ ਟੂਰਨਾਮੈਂਟ ਹੋਣਾ ਮੁਸ਼ਕਲ ਹੈ। ਇਸਸਾਲ ਕਾਲਜ ਵਿਚ ਦਾਖਲਾ ਲੈਣ ਵਾਲੇ ਖਿਡਾਰੀਆਂ ਤੋਂ ਕਿਸੇ ਤਰ੍ਹਾਂ ਦੀ ਫੀਸ ਨਹੀਂ ਲਈ ਜਾਵੇਗੀ।