Navjot Sidhu who : ਚੰਡੀਗੜ੍ਹ : ਲੰਬੇ ਸਮੇਂ ਤੋਂ ਸਿਆਸੀ ਗਤੀਵਿਧੀਆਂ ਤੋਂ ਦੂਰੀ ਬਣਾ ਕੇ ਬੈਠੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਕਿਸਾਨਾਂ ਨਾਲ ਉਨ੍ਹਾਂ ਦੇ ਧਰਨੇ ‘ਚ ਬੈਠਣਗੇ। ਹਾਲਾਂਕਿ ਇਸ ਬਾਰੇ ਸਿੱਧੂ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ ਕਿ ਕਦੋਂ ਤੋਂ ਅਜਿਹਾ ਕਰਨਗੇ ਪਰ ਉਨ੍ਹਾਂ ਦੇ ਨੇੜਲੇ ਅਤੇ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਦੱਸਿਆ ਕਿ ਸਿੱਧੂ ਕਿਸਾਨਾਂ ਦੇ ਧਰਨਿਆਂ ‘ਚ ਸ਼ਾਮਲ ਹੋਣਗੇ। ਪ੍ਰਗਟ ਨੇ ਕਿਹਾ ਕਿ ਮੇਰੀ ਉਨ੍ਹਾਂ ਨਾਲ ਗੱਲ ਹੋਈ ਸੀ ਅਤੇ ਉਨ੍ਹਾਂ ਨੇ ਮੈਨੂੰ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਜਿਥੇ ਵੀ ਕਿਸਾਨਾਂ ਦਾ ਅੰਦੋਲਨ ਹੋਵੇਗਾ, ਉਹ ਉਸ ‘ਚ ਸ਼ਾਮਲ ਹੋਣਗੇ।
ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਕਿਸਾਨਾਂ ਦੇ ਸੰਘਰਸ਼ ਦਾ ਸਮਰਥਨ ਕੀਤਾ ਸੀ। ਪੂਰੇ ਸਵਾ ਸਾਲ ਬਾਅਦ ਟਵਿਟਰ ‘ਤੇ ਸਰਗਰਮ ਹੁੰਦੇ ਹੋਏ ਉਨ੍ਹਾਂ ਨੇ ਕਿਸਾਨਾਂ ਦੇ ਮੁੱਦੇ ‘ਤੇ ਸ਼ਾਇਰਾਨਾ ਅੰਦਾਜ਼ ‘ਚ ਟਿੱਪਣੀ ਕੀਤੀ। ਲਿਖਿਆ ਕਿ ਜੰਗ ਦੀ ਤੂਤੀ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ, ਪੰਜਾਬੀਅਤ ਅਤੇ ਹਰ ਪੰਜਾਬੀ ਕਿਸਾਨ ਦੇ ਨਾਲ ਹਨ। ਸਿੱਧੂ ਪਿਛਲੀ 21 ਜੁਲਾਈ 2019 ਤੋਂ ਬਾਅਦ ਸਰਗਰਮ ਹੋਏ ਸਨ। ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਉਹ ਟਵਿਟਰ ‘ਤੇ ਚੁੱਪ ਸਨ। ਦੋ ਦਿਨ ਪਹਿਲਾਂ ਪੰਜਾਬ ‘ਚ ਕੀਤੇ ਟਵਿਟ ‘ਤੇ ਨਵਜੋਤ ਸਿੰਘ ਸਿੱਧੂ ਨੇ ਲਿਖਿਆ ਕਿਸਾਨੀ ਪੰਜਾਬ ਦੀ ਰੂਹ, ਸਰੀਰ ਦੇ ਜ਼ਖਮ ਭਰ ਜਾਂਦੇ ਹਨ ਪਰ ਆਤਮਾ ਦੇ ਨਹੀਂ।
ਸਿੱਧੂ ਨੇ ਇਸ ਤੋਂ ਬਾਅਦ ਇੱਕ ਹੋਰ ਟਵੀਟ ਕੀਤਾ ਜਿਸ ‘ਚ ਉਨ੍ਹਾਂ ਕਿਹਾ ਕਿ ਸਰਕਾਰ ਸਾਰੀ ਉਮਰ ਇਹੀ ਭੁੱਲ ਕਰਦੀਆਂ ਰਹੀਆਂ, ਧੂੜ ਉਨ੍ਹਾਂ ਦੇ ਆਪਣੇ ਚਿਹਰੇ ‘ਤੇ ਸੀ ਤੇ ਉਹ ਆਈਨਾ ਸਾਫ ਕਰਦੀਆਂ ਰਹੀਆਂ। ਸਿੱਧੂ ਦਾ ਇਹ ਟਵੀਟ ਅਜਿਹੇ ਸਮੇਂ ਆਇਆ ਹੈ ਜਦੋਂ ਸੂਬੇ ਦੇ ਕਿਸਾਨਾਂ ਦੇ ਮੁੱਦੇ ‘ਤੇ ਸਿਆਸਤ ਗਰਮਾਈ ਹੋਈ ਹੈ। 25 ਸਤੰਬਰ ਨੂੰ ਕਿਸਾਨਾਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਹੀ ਨਹੀਂ, 24 ਤੋਂ ਲੈ ਕੇ 26 ਤੱਕ ਰੇਲ ਰੋਕੋ ਦਾ ਵੀ ਐਲਾਨ ਕੀਤਾ ਗਿਆ ਹੈ। ਅਜਿਹੇ ‘ਚ ਨਵਜੋਤ ਸਿੱਧੂ ਕਿਸਾਨਾਂ ਨੂੰ ਸਮਰਥਨ ਦੇਣਗੇ।