New cases of : ਕੋਰੋਨਾ ਨੇ ਪੂਰੀ ਦੁਨੀਆ ‘ਚ ਦਹਿਸ਼ਤ ਮਚਾਈ ਹੋਈ ਹੈ। ਸੂਬੇ ਵਿਚ ਇਸ ਦੇ ਰੋਜ਼ਾਨਾ ਵੱਡੀ ਗਿਣਤੀ ਵਿਚ ਕੇਸ ਸਾਹਮਣੇ ਆ ਰਹੇ ਹਨ। ਅੱਜ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਕੋਰੋਨਾ ਦੇ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ. ਹਰੀ ਨਾਰਾਇਣ ਵਲੋਂ ਦਿੱਤੀ ਗਈ। ਇਨ੍ਹਾਂ ਵਿਚੋਂ 3 ਗਿਦੱੜਬਾਹਾ ਸ਼ਹਿਰ ਨਾਲ ਸਬੰਧਤ ਹਨ ਤੇ ਇਕ ਕੇਸ ਮਲੋਟ ਸ਼ਹਿਰ ਤੇ ਇਕ ਜਿਲ੍ਹੇ ਦੇ ਪਿੰਡ ਮਧੀਰ ਦਾ ਹੈ। 7 ਨਵੇਂ ਮਾਮਲੇ ਆਉਣ ਨਾਲ ਹੁਣ ਜਿਲ੍ਹੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 220 ਤਕ ਹੋ ਗਈ ਹੈ।
ਸਿਹਤ ਵਿਭਾਗ ਦੀ ਟੀਮ ਵਲੋਂ ਉਨ੍ਹਾਂ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਜਿਹੜੇ ਇੰਫਕੈਟਿਡ ਲੋਕਾਂ ਦੇ ਸੰਪਰਕ ਵਿਚ ਆਏ ਹਨ। ਇਸੇ ਤਰ੍ਹਾਂ ਨੂਰਪੁਰਬੇਦੀ ਵਿਖੇ ਵੀ ਕੋਰੋਨਾ ਨੇ ਅੱਜ ਦਸਤਕ ਦੇ ਦਿੱਤੀ ਹੈ। ਨੂਰਪੁਰਬੇਦੀ ਥਾਣੇ ਦੀ ਮਹਿਲਾ ਕੁੱਕ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਸੀਨੀਅਰ ਮੈਡੀਕਲ ਅਫਸਰ ਡਾ. ਸ਼ਿਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 27 ਜੁਲਾਈ ਨੂੰ ਲਗਭਗ 1 ਦਰਜਨ ਦੇ ਕਰੀਬ ਪੁਲਿਸ ਮੁਲਾਜ਼ਮਾਂ ਦੇ ਸੈਂਪਲ ਟੈਸਟ ਲਈ ਭੇਜੇ ਗਏ ਸਨ ਜਿਨ੍ਹਾਂ ਦੀ ਰਿਪੋਰਟ ਅੱਜ ਮਿਲੀ ਹੈ ਜਿਸ ਵਿਚੋਂ ਮਹਿਲਾ ਕੁੱਕ ਦੀ ਰਿਪੋਰਟ ਪਾਜੀਟਿਵ ਪਾਈ ਗਈ ਹੈ। ਉਕਤ ਮਹਿਲਾ ਨੂੰ ਇਲਾਜ ਲਈ ਗਿਆਨ ਸਾਗਰ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ ਤੇ ਹੁਣ ਸਿਹਤ ਵਿਭਾਗ ਦੀ ਟੀਮ ਵਲੋਂ ਹੋਰਨਾਂ ਪੁਲਿਸ ਮੁਲਾਜ਼ਮਾਂ ਦੇ ਸੈਂਪਲ ਲੈ ਕੇ ਵੀ ਟੈਸਟ ਲਈ ਭੇਜੇ ਜਾ ਚੁੱਕੇ ਹਨ।
ਪੂਰੇ ਦੇਸ਼ ਵਿਚ ਕੋਰੋਨਾ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਸ ਨਾਲ ਇੰਫੈਕਟਿਡ ਲੋਕਾਂ ਦੀ ਗਿਣਤੀ 15 ਲੱਖ ਦੇ ਨੇੜੇ-ਤੇੜੇ ਪੁੱਜ ਚੁੱਕੀ ਹੈ ਤੇ ਮਰਨ ਵਾਲਿਆਂ ਦੀ ਗਿਣਤੀ ਵਿਚ ਵੀ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਹੁਣ ਤਕ ਇਸ ਖਤਰਨਾਕ ਵਾਇਰਸ ਨਾਲ 34000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਵਿੱਚ ਕੋਰੋਨਾ ਨੇ ਤਬਾਹੀ ਮਚਾਈ ਹੋਈ ਹੈ। ਪਿਛਲੇ 24 ਘੰਟਿਆਂ ਵਿੱਚ ਸੂਬਿਆਂ ‘ਚ 23 ਲੋਕਾਂ ਦੀ ਮੌਤ ਹੋ ਗਈ। ਕੋਰੋਨਾ ਸੰਕਟ ਵਿੱਚ ਇਹ ਹੁਣ ਤਕ ਸੂਬੇ ‘ਚ ਇੱਕ ਦਿਨ ਵਿੱਚ ਹੋਇਆਂ ਸਭ ਤੋਂ ਵੱਧ ਮੌਤਾਂ ਹਨ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ 614 ਪੌਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ। ਸਿਰਫ ਪੰਜ ਦਿਨਾਂ ਵਿੱਚ ਹੀ ਪੰਜਾਬ ਵਿੱਚ 68 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 2749 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਹੁਣ ਸੂਬੇ ‘ਚ ਮੌਤਾਂ ਦਾ ਅੰਕੜਾ ਹੁਣ 349 ‘ਤੇ ਪਹੁੰਚ ਗਿਆ ਹੈ।