New cases of :ਪੰਜਾਬ ਵਿਚ ਕੋਰੋਨਾ ਦਾ ਰੂਪ ਭਿਆਨਕ ਹੁੰਦਾ ਜਾ ਰਿਹਾ ਹੈ। ਇਕ ਪਾਸੇ ਤਾਂ ਕੋਰੋਨਾ ਦੇ ਕੇਸ ਬਹੁਤ ਵੱਡੀ ਗਿਣਤੀ ਵਿਚ ਵਧ ਰਹੇ ਹਨ ਤੇ ਦੂਜੇ ਪਾਸੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਵੀ ਕੋਈ ਕਮੀ ਨਹੀਂ ਆ ਰਹੀ। ਅੱਜ ਜਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਇਕ ਹੋਰ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋ ਗਈ। ਇਹ ਜਾਣਕਾਰੀ ਸਿਵਲ ਸਰਜਨ ਡਾ. ਐੱਨ. ਕੇ.ਅਗਰਵਾਲ ਵਲੋਂ ਦਿੱਤੀ ਗਈ। ਜਿਲ੍ਹੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 379 ਤਕ ਪੁੱਜ ਚੁੱਕੀ ਹੈ। ਅੱਜ ਜਿਹੜੇ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋਈ, ਉਸ ਦੀ ਉਮਰ 58 ਸਾਲ ਦੱਸੀ ਜਾ ਰਹੀ ਹੈ ਤੇ ਉਹ ਗੁਰਦਿਆਂ ਦੀ ਬੀਮਾਰੀ ਤੋਂ ਵੀ ਪੀੜਤ ਸੀ। ਫਤਿਹਗੜ੍ਹ ਸਾਹਿਬ ਤੋਂ ਕੋਰੋਨਾ ਕਾਰਨ 3 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਇਸ ਤੋਂ ਇਲਾਵਾ ਜਿਲ੍ਹੇ ਵਿਚੋਂ ਕੋਰੋਨਾ ਦੇ ਹੋਰ ਨਵੇਂ ਮਾਮਲੇ ਵੀ ਸਾਹਮਣੇ ਆਏ ਹਨ ਅਤੇ ਕੋਰੋਨਾ ਇੰਫੈਕਟਿਡ ਵਿਅਕਤੀਆਂ ਨੂੰ ਗਿਆਨ ਸਾਗਰ ਹਸਪਤਾਲ ਬਨੂੜ ਵਿਚ ਭਰਤੀ ਕਰਵਾਇਆ ਗਿਆ ਹੈ ਤੇ ਸਿਹਤ ਵਿਭਾਗ ਵਲੋਂ ਉਨ੍ਹਾਂ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਹੜੇ ਕੋਰੋਨਾ ਪੀੜਤ ਵਿਅਕਤੀਆਂ ਦੇ ਸੰਪਰਕ ਵਿਚ ਸਨ। ਕਲ ਸੂਬੇ ਵਿਚ ਕੋਰੋਨਾ ਦੇ 792 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 17853 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 11466 ਮਰੀਜ਼ ਠੀਕ ਹੋ ਚੁੱਕੇ, ਬਾਕੀ 5964 ਮਰੀਜ ਇਲਾਜ਼ ਅਧੀਨ ਹਨ। ਪੀੜਤ 146 ਮਰੀਜ਼ ਆਕਸੀਜਨ ਅਤੇ 11 ਮਰੀਜ਼ ਜਿਨ੍ਹਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।
ਭਾਰਤ ‘ਚ ਹੁਣ ਤੱਕ 17,67,836 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 11,57,139 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 37570 ਲੋਕਾਂ ਦੀ ਜਾਨ ਜਾ ਚੁੱਕੀ ਹੈ। ਹੁਣ ਤੱਕ ਦੁਨੀਆਂ ਭਰ ‘ਚ 1 ਕਰੋੜ, 80 ਲੱਖ, 69 ਹਜ਼ਾਰ, 950 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 1 ਕਰੋੜ, 13 ਲੱਖ 63 ਹਜ਼ਾਰ, 390 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 6 ਲੱਖ, 89 ਹਜ਼ਾਰ 755 ਲੋਕਾਂ ਦੀ ਜਾਨ ਜਾ ਚੁੱਕੀ ਹੈ।