New Guidelines issued : ਜਲੰਧਰ : ਕੋਰੋਨਾ ਨੇ ਪੂਰੀ ਦੁਨੀਆ ‘ਤੇ ਆਪਣੀ ਪਕੜ ਬਣਾਈ ਹੋਈ ਹੈ। ਸੂਬੇ ‘ਚ ਵੀ ਕੋਵਿਡ-19 ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਤੇ ਹੁਣ ਇਸ ਦੀ ਰੋਕਥਾਮ ਲਈ ਸਖਤ ਕਦਮ ਚੁੱਕਣੇ ਜ਼ਰੂਰੀ ਹੋ ਗਏ ਹਨ। ਇਸੇ ਤਹਿਤ ਜਿਲ੍ਹਾ ਜਲੰਧਰ ‘ਚ ਡੀ. ਸੀ. ਘਣਸ਼ਿਆਮ ਥੋਰੀ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਜਿਲ੍ਹੇ ਵਿਚ ਹਫਤਾਵਾਰੀ ਲੌਕਡਾਊਨ ਸ਼ਨੀਵਾਰ ਤੇ ਐਤਵਾਰ ਨੂੰ ਲੱਗੇਗਾ ਤੇ ਹਫਤੇ ਦੇ ਬਾਕੀ ਦਿਨ ਗੈਰ-ਜ਼ਰੂਰੀ ਗਤੀਵਿਧੀਆਂ ‘ਤੇ ਪਾਬੰਦੀ ਹੋਵੇਗੀ। ਰਾਤ ਦਾ ਕਰਫਿਊ ਰੋਜ਼ਾਨਾ ਸ਼ਾਮ 7 ਵਜੇ ਤੋਂ ਸਵੇਰੇ 5.00 ਵਜੇ ਤਕ ਲੱਗੇਗਾ।
ਡੀ. ਸੀ ਨੇ ਹੁਕਮ ਦਿੱਤੇ ਕਿ ਜ਼ਰੂਰੀ ਗਤੀਵਿਧੀਆਂ ਅਤੇ ਸੇਵਾਵਾਂ ਦੀ ਨੈਸ਼ਨਲ ਤੇ ਸਟੇਟ ਹਾਈਵੇਜ ਰਾਹੀਂ ਆਵਾਜਾਈ, ਦੂਜੇ ਰਾਜਾਂ ਤੇ ਜਿਲ੍ਹਿਆਂ ਤੋਂ ਆਉਣ ਵਾਲੇ ਲੋਕਾਂ ਦੀ ਆਵਾਜਾਈ ਤੇ ਬੱਸਾਂ,ਟ੍ਰੇਨਾਂ ਅਤੇ ਹਵਾਈ ਜਹਾਜ਼ ਤੋਂ ਉਤਰਨ ਤੋਂ ਬਾਅਦ ਆਪਣੀ ਮੰਜ਼ਿਲ ‘ਤੇ ਜਾਣ ਦੀ ਇਜਾਜ਼ਤ ਹੋਵੇਗੀ। ਜ਼ਰੂਰੀ ਸੇਵਾਵਾਂ ‘ਚ ਹੈਲਥ, ਖੇਤੀਬਾੜੀ ਨਾਲ ਸਬੰਧਤ ਗਤੀਵਿਧੀਆਂ, ਡੇਅਰੀ ਤੇ ਮੱਛ ਪਾਲਣ ਸਬੰਧੀ ਗਤੀਵਿਧੀਆਂ, ਬੈਂਕ, ATM, ਇੰਸ਼ੋਰੈਂਸ ਕੰਪਨੀਆਂ, ਪਬਲਿਕ ਟਰਾਂਸਪੋਰਟ, ਸਰਕਾਰੀ ਤੇ ਪ੍ਰਾਈਵੇਟ ਦਫਤਰ ਤੇ ਪ੍ਰਿੰਟ ਮੀਡੀਆ ਸ਼ਾਮਲ ਹਨ। ਉਕਤ ਛੋਟ ਪ੍ਰਾਪਤ ਵਿਅਕਤੀਆਂ ਤੋਂ ਉਨ੍ਹਾਂ ਦੀਆਂ ਸੰਸਥਾਵਾਂ ਵਲੋਂ ਜਾਰੀ ਕੀਤੇ ਗਏ ਸ਼ਨਾਖਤੀ ਕਾਰਡ ਨੂੰ ਹੀ ਕਰਫਿਊ ਪਾਸ ਮੰਨਿਆ ਜਾਵੇਗਾ। ਯੂਨੀਵਰਸਿਟੀਆਂ, ਬੋਰਡਾਂ ਤੇ ਹੋਰ ਸੰਸਥਾਵਾਂ ਵਲੋਂ ਲਈਆਂ ਜਾ ਰਹੀਆਂ ਪ੍ਰੀਖਿਆ ਐਡਮਿਸ਼ਨ ਇੰਟਰੈਂਸ ਟੈਸਟ ਲਈ ਲੋਕਾਂ ਤੇ ਵਿਦਿਆਰਥੀਆਂ ਨੂੰ ਆਵਾਜਾਈ ਦੀ ਇਜਾਜ਼ਤ ਹੋਵੇਗੀ।
ਇਸੇ ਤਰ੍ਹਾਂ ਜਿਲ੍ਹੇ ‘ਚ ਦੁਕਾਨਾਂ, ਮਾਲਜ਼, ਧਾਰਮਿਕ ਸਥਾਨ, ਸਟੇਡੀਅਮ, ਪਬਲਿਕ ਕੰਪਲੈਕਸ, ਰੈਸਟੋਰੈਂਟ, ਸ਼ਰਾਬ ਦੀਆਂ ਦੁਕਾਨਾਂ, ਮਠਿਆਈ, ਬੇਕਸਰੀ, ਜੂਸ ਬਾਰ, ਪੋਲਟਰੀ, ਫਲ ਸਬਜ਼ੀਆਂ ਦੀਆਂ ਦੁਕਾਨਾਂ, ਮੈਡੀਕਲ ਸਟੋਰ, ਆਟੋ ਗੈਰਾਜ, ਸਪੇਅਰ ਪਾਰਟਸ ਦੀਆਂ ਦੁਕਾਨਾਂ ਰੋਜ਼ਾਨਾ ਸ਼ਾਮ 6.30 ਵਜੇ ਤਕ ਖੁੱਲ੍ਹੀਆਂ ਰਹਿਣਗੀਆਂ। ਇਸੇ ਤਰ੍ਹਾਂ ਮੋਬਾਈਲ , ਹਾਰਡਵੇਅਰ, ਸੈਨੇਟਰੀ, ਲੋਹਾ ਤੇ ਸਟੀਲ, ਸਾਈਕਲ ਦੀ ਵਿਕਰੀ ਤੇ ਰਿਪੇਅਰਿੰਗ ਦੀਆਂ ਦੁਕਾਨਾਂ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ ਖੁੱਲ੍ਹਣਗੀਆਂ। ਇਸ ਤੋਂ ਇਲਾਵਾ ਇਲੈਕਟ੍ਰੀਕਲ, ਇਲੈਕਟ੍ਰੋਨਿਕਸ ਵਸਤਾਂ ਦੀ ਵਿਕਰੀ, ਰਿਪੇਅਰ ਦੀਆਂ ਦੁਕਾਨਾਂ, ਭਾਂਡਿਆਂ ਦੀਆਂ ਦੁਕਾਨਾਂ, ਆਟੋਮੋਬਾਈਲ ਦੀਆਂ ਦੁਕਾਨਾਂ ਵੀ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ ਹੀ ਖੁੱਲ੍ਹਣਗੀਆਂ। ਰੈਡੀਮੇਡ ਕੱਪੜੇ, ਸਾੜ੍ਹੀਆਂ, ਹੈਂਡਲੂਮਜ਼, ਬੂਟ ਤੇ ਚੱਪਲਾਂ, ਪ੍ਰਿੰਟਿੰਗ ਪ੍ਰੈੱਸ ਦੀਆਂ ਦੁਕਾਨਾਂ, ਸੋਮਵਾਰ, ਮੰਗਲਵਾਰ ਤੇ ਵੀਰਵਾਰ ਨੂੰ ਖੁੱਲ੍ਹਣਗੀਆਂ। ਕਿਤਾਬਾਂ, ਸਟੇਸ਼ਨਰੀ, ਫਰਨੀਚਰ, ਬੈਗ, ਜਵੈਲਰੀ, ਦਰਜੀ, ਡ੍ਰਾਈ ਕਲੀਨਰ, ਹੇਅਰ ਸੈਲੂਨ, ਬਿਊਟੀ ਪਾਰਲਰ, ਘੜੀਆਂ ਦੀਆਂ ਦੁਕਾਨਾਂ ਮੰਗਲਵਾਰ, ਬੁੱਧਵਾਰ ਤੇ ਵੀਰਵਾਰ ਨੂੰ ਖੋਲ੍ਹ ਸਕਦੇ ਹਨ। ਟੈਕਸੀਆਂ ਡਰਾਈਵਰ ਸਮੇਤ 3 ਸਵਾਰੀਆਂ, ਐਨਕਾਂ ਦੀਆਂ ਦੁਕਾਨਾਂ ਰੋਜ਼ਾਨਾਂ ਖੁੱਲ੍ਹਣਗੀਆਂ। ਚਾਰ ਪਹੀਆ ਵਾਹਨਾਂ ਵਿਚ ਡਰਾਈਵਰ ਸਮੇਤ ਤਿੰਨ ਵਿਅਕਤੀਆਂ ਨੂੰ ਸਫਰ ਕਰਨ ਦੀ ਇਜਾਜ਼ਤ ਹੋਵੇਗੀ। ਸਾਰੇ ਸਮਾਜਿਕ, ਰਾਜਨੀਤਕ, ਧਾਰਮਿਕ ਇਕੱਠ, ਰੋਸ ਤੇ ਮੁਜ਼ਾਹਰੇ ਉਪਰ ਜਿਲ੍ਹਾ ਜਲੰਧਰ ਵਿਖੇ ਪਾਬੰਦੀ ਹੋਵੇਗੀ। ਵਿਆਹ ਤੇ ਅੰਤਿਮ ਸਸਕਾਰ ਮੌਕੇ ਕ੍ਰਮਵਾਰ 30 ਤੇ 20 ਵਿਅਕਤੀਆਂ ਦੇ ਇਕੱਠ ਦੀ ਇਜਾਜ਼ਤ ਹੋਵੇਗੀ। ਸਰਕਾਰੀ ਤੇ ਪ੍ਰਾਈਵੇਟ ਦਫਤਰਾਂ ਨੂੰ 50 ਫੀਸਦੀ ਸਟਾਫ ਨਾਲ ਖੋਲ੍ਹਣ ਦੀ ਇਜਾਜ਼ਤ ਹੋਵੇਗੀ।