No law to : ਕੇਂਦਰੀ ਖੇਤੀ ਤੇ ਕਿਸਾਨ ਕਲਿਆਣ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਮੁੱਖ ਉਦੇਸ਼ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨਾ ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਹੁਣੇ ਜਿਹੇ ਸਰਕਾਰ ਨੇ ਜੋ ਤਿੰਨ ਆਰਡੀਨੈਂਸ ਲਿਆਏ ਹਨ ਉਨ੍ਹਾਂ ਵਿਚ ਫਸਲਾਂ ਦੇ ਘੱਟੋ-ਘਟ ਸਮਰਥਨ ਮੁੱਲ (ਐੱਸ. ਐੱਸ. ਪੀ.) ਨੂੰ ਖਤਮ ਕਰਨ ਬਾਰੇ ਕੋਈ ਕਾਨੂੰਨ ਨਹੀਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਐੱਮ.ਐੱਸ. ਪੀ. ਜਿਵੇਂ ਅੱਜ ਜਾਰੀ ਹੈ ਉਸੇ ਤਰ੍ਹਾਂ ਹੀ ਜਾਰੀ ਰਹੇਗੀ।
ਕੇਂਦਰੀ ਮੰਤਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਅਨਾਜ ਬਾਜ਼ਾਰ ਹਮੇਸ਼ਾ ਦੀ ਤਰ੍ਹਾਂ ਕੰਮ ਕਰੇਗਾ ਅਤੇ ਸਰਕਾਰ ਕਿਸਾਨਾਂ ਦੇ ਹਰ ਅਨਾਜ ਨੂੰ ਬਾਜ਼ਾਰਾਂ ਤੋਂ ਖਰੀਦਣ ਲਈ ਪ੍ਰਤੀਬੱਧ ਹੈ। ਕਾਂਗਰਸ ‘ਤੇ ਪੰਜਾਬ ਵਿਚ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਨ੍ਹਾਂ ਆਰਡੀਨੈਂਸਾਂ ਨੇ ਕਿਸਾਨਾਂ ਨੂੰ ਉਨ੍ਹਾਂ ਦੀ ਮਨਮਰਜ਼ੀ ਦੀਆਂ ਦਰਾਂ ‘ਤੇ ਆਪਣੀ ਫਸਲ ਵੇਚਣ ਦਾ ਅਧਿਕਾਰ ਦਿੱਤਾ ਹੈ ਅਤੇ ਅੱਗੇ ਉਹ ਆਪਣੇ ਖੇਤਾਂ ਤੋਂ ਸਿੱਧੇ ਫਸਲ ਵੇਚ ਸਕਦੇ ਹਨ। ਉਨ੍ਹਾਂ ਕਾਂਗਰਸ ਖਿਲਾਫ ਕਿਹਾ ਕਿ ਕੀ ਉਹ ਕਿਸਾਨਾਂ ਨੂੰ ਅਜਿਹੇ ਅਧਿਕਾਰ ਦੇਣ ਦੇ ਖਿਲਾਫ ਹਨ। ਉਨ੍ਹਾਂ ਕਿਹਾ ਕਿ ਕਿਸਾਨ ਕੁਝ ਮੁਸ਼ਕਲਾਂ ਕਾਰਨ ਕੌਮਾਂਤਰੀ ਵਪਾਰ ਕਰਨ ਵਿਚ ਸਮਰੱਥ ਨਹੀਂ ਸਨਅਤੇ ਵਪਾਰੀ ਵਿਸ਼ਵ ਵਿਆਪੀ ਬਾਜ਼ਾਰਾਂ ਰਾਹੀਂ ਕਿਸਾਨਾਂ ਦੀ ਉਪਜ ਨੂੰ ਵੇਚ ਕੇ ਪੈਸੇ ਕਮਾ ਰਹੇ ਸਨ।
ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਇਕ ਨਿੱਜੀ ਵਪਾਰੀ ਫਸਲ ਦੇ ਐੱਮ. ਐੱਸ. ਪੀ. ਤੋਂ ਵਧ ਦੇ ਕਿਸਾਨਾਂ ਨਾਲ ਐਗਰੀਮੈਂਟ ਕਰ ਸਕਦਾ ਹੈ। ਉਨ੍ਹਾਂ ਇਸ ਮੌਕੇ ‘ਤੇ ਭਾਜਪਾ ਵਰਕਰਾਂ ਨੂੰ ਸੱਦਾ ਦਿਤਾ ਕਿ ਉਹ ਇਕ ਵਿਆਪਕ ਆਊਟਰੀਚ ਪ੍ਰੋਗਰਾਮ ਚਲਾ ਕੇ ਦਸੰਬਰ ਤਕ ਕਿਸਾਨ ਕ੍ਰੈਡਿਟ ਸਹੂਲਤ ਲਈ ਪੰਜਾਬ ਦੇ ਹਰੇਕ ਕਿਸਾਨ ਦੀ ਨਾਮਜ਼ਦਗੀ ਕਰੇ। ਉਨ੍ਹਾਂ ਨੇ ਕਿਸਾਨਾਂ ਤੋਂ ਆਪਣੀ ਫਸਲ ਦੇ ਸਹੀ ਮੁੱਲ ਪ੍ਰਾਪਤ ਕਰਨ ਲਈ ਕਿਸਾਨ ਉਤਪਾਦਕ ਸੰਗਠਨਾਂ ਦੇ ਹਿੱਸੇਦਾਰ ਬਣਨ ਦੀ ਵੀ ਅਪੀਲ ਕੀਤੀ। ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਪ੍ਰਭਾਤ ਝਾਅ ਨੇ ਵੀ ਵਰਚੂਅਲ ਰੈਲੀ ਨੂੰ ਸੰਬੋਧਨ ਕੀਤਾ। ਇਸ ਵਰਚੂਅਲ ਰੈਲੀ ਵਿਚ ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ, ਤਰੁਣ ਚੁਘ, ਗੁਰਦਾਸਪੁਰ ਦੇ ਸੰਸਦ ਸਨੀ ਦਿਓਲ, ਜੀਵਨ ਗੁਪਤਾ, ਡਾ. ਸੁਭਾਸ਼ ਸ਼ਰਮਾ, ਮਲਵਿੰਦਰ ਸਿੰਘ ਕੰਗ ਵੀ ਹਾਜ਼ਰ ਸਨ।