Now milk producers : ਪਟਿਆਲਾ : ਦੁੱਧ ਉਤਪਾਦਕਾਂ ਲਈ ਚੰਗੀ ਖਬਰ ਆਈ ਹੈ ਕਿ ਉਹ ਹੁਣ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਦਾ ਫਾਇਦਾ ਚੁੱਕ ਕੇ ਘੱਟ ਵਿਆਜ ਦਰਾਂ ‘ਤੇ ਕਰਜ਼ਾ ਲੈ ਸਕਦੇ ਹਨ। ਪਹਿਲਾਂ ਸਿਰਫ ਖੇਤੀ ਕਰਨ ਵਾਲੇ ਕਿਸਾਨ ਹੀ ਇਸ ਯੋਜਨਾ ਦਾ ਲਾਭ ਉਠਾ ਸਕਦੇ ਸਨ ਪਰ ਹੁਣ ਤੇਜ਼ੀ ਨਾਲ ਵਧ ਰਹੇ ਡੇਅਰੀ ਸੈਕਟਰੀ ਨੂੰ ਧਿਆਨ ਵਿਚ ਰੱਖਦੇ ਹੋਏ ਘੱਟ ਵਿਆਜ ਦਰਾਂ ‘ਤੇ ਕਰਜ਼ਾ ਲੈਣ ਦੀ ਸਹੂਲਤ ਦਿੱਤੀ ਗਈ ਹੈ।
ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਬੈਂਕਾਂ ਦੇ ਪ੍ਰਤੀਨਿਧੀਆਂ, ਡੇਅਰੀ ਯੂਨੀਅਨ ਤੇ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਕਿਹਾ ਕਿ ਡੇਅਰੀ ਉਤਪਾਦਕਾਂ ਨੂੰ ਜਲਦ ਹੀ ਇਸ ਸਕੀਮ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਜੋ ਉਹ ਇਸ ਦਾ ਫਾਇਦਾ ਚੁੱਕ ਸਕਣ। ਗਰੇਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਕੀਮ ਤਹਿਤ ਕਿਸਾਨਾਂ ਨੂੰ 1 ਲੱਖ 60 ਹਜ਼ਾਰ ਤੋਂ 3 ਲੱਖ ਰੁਪਏ ਤਕ ਦਾ ਘੱਟ ਵਿਆਜ ਦਰ ਦਾ ਕਰਜ਼ਾ ਦਿੱਤਾ ਜਾਵੇਗਾ। ਇਸ ਲਈ ਵਿਆਜ ਦਰ ਵੀ ਕਾਫੀ ਘੱਟ ਰੱਖੀ ਗਈ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨਾਂ ਨੂੰ ਕਰਜ਼ੇ ਲਈ ਕਿਸੇ ਤਰ੍ਹਾਂ ਦੀ ਸਕਿਓਰਿਟੀ ਨਹੀਂ ਦੇਣੀ ਪਵੇਗੀ ਅਤੇ ਇਹ ਕਰਜ਼ਾ ਕਿਸੇ ਵੀ ਬੈਂਕ ਤੋਂ ਆਸਾਨੀ ਨਾਲ ਲੈ ਸਕਣਗੇ। ਇਸ ਲਈ ਉਨ੍ਹਾਂ ਨੂੰ ਸਿਰਫ ਇਕ ਫਾਰਮ ਭਮਰ ਦੀ ਜ਼ਰੂਰਤ ਹੈ। ਉਨ੍ਹਾਂ ਬੈਂਕਾਂ ਦੇ ਪ੍ਰਤੀਨਿਧੀਆਂ ਨੂੰ ਵੀ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਇਸ ਸਕੀਮ ਅਧੀਨ ਕਿਸੇ ਵੀ ਦੁੱਧ ਉਤਪਾਦਕ ਨੂੰ ਕਰਜ਼ਾ ਦੇਣ ਤੋਂ ਮਨ੍ਹਾ ਨਾ ਕੀਤਾ ਜਾਵੇ। ਵਧ ਤੋਂ ਵਧ ਦੁੱਧ ਉਤਪਾਦਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਪਵੇਗਾ ਤਾਂ ਜੋ ਉਹ 31 ਜੁਲਾਈ ਤਕ ਆਪਣਾ ਫਾਰਮ ਭਰ ਸਕਣ। ਇਸ ਯੋਜਨਾ ਦੀ ਸ਼ੁਰੂਆਤ 15 ਅਗਸਤ ਨੂੰ ਹੋਣੀ ਹੈ। ਇਸ ਮੌਕੇ ਡਿਪਟੀ ਡਾਇਰੈਕਟਰ ਡੇਅਰੀ ਅਸ਼ੋਕ ਰੌਣੀ, ਮਿਲਕ ਪਲਾਂਟ ਦੇ ਜਰਨਲ ਮੈਨੇਜਰ ਗੁਰਮੇਲ ਸਿੰਘ, ਲੀਡ ਬੈਂਕ SBI ਤੋਂ ਪ੍ਰਿਤਪਾਲ ਸਿੰਘ ਆਨੰਦ, ਪਸ਼ੂ ਪਾਲਕ ਦੀਵਾਨ ਗੁਪਤਾ, ਮਿਲਕ ਪਲਾਂਟ ਦੇ ਪ੍ਰਤੀਨਿਧੀ ਅਮਿਤ ਕੁਮਾਰ ਆਦਿ ਹਾਜ਼ਰ ਸਨ। ਗਰੇਵਾਲ ਨੇ ਦੱਸਿਆ ਕਿ ਜੇਕਰ ਕੋਈ ਬੈਂਕ ਦੁੱਧ ਉਤਪਾਦਕਾਂ ਨੂੰ ਇਸ ਸਕੀਮ ਅਧੀਨ ਕਰਜ਼ਾ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਵੀ ਕੀਤੀ ਜਾ ਸਕਦੀ ਹੈ।