On arrival at : ਪਠਾਨਕੋਟ ਦੇ ਦੌਰੇ ‘ਤੇ ਆਏ ਸੁਰੇਸ਼ ਰੈਨਾ ਨੇ ਆਪਣੀ ਭੂਆ, ਮਾਮਾ, ਮੌਸੇ ਤੇ ਚਾਚਾ ਜੀ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਹਾਲਚਾਲ ਪੁੱਛਿਆ। ਰੈਨਾ ਦਾ 22 ਸਾਲ ‘ਚ ਪਠਾਨਕੋਟ ਦਾ ਦੂਜਾ ਦੌਰਾ ਹੈ। ਗੱਲਬਾਤ ਦੌਰਾਨ ਰੈਨਾ ਨੇ IPL ਛੱਡਣ ਦਾ ਕਾਰਨ ਵੀ ਦੱਸਿਆ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਪਠਾਨਕੋਟ ‘ਚ ਸੁਰੇਸ਼ ਰੈਨਾ ਦੇ ਭੂਆ ਦੇ ਪਰਿਵਾਰ ‘ਤੇ ਹਮਲਾ ਹੋਇਆ ਸੀ। ਇਸ ‘ਚ ਰੈਨਾ ਦੇ ਫੁੱਫੜ ਤੇ ਫੁਫੇਰੇ ਭਰਾ ਦੀ ਮੌਤ ਹੋ ਗਈ ਸੀ।
ਰੈਨਾ ਨੇ IPL ਛੱਡਣ ਦੇ ਪਿੱਛੇ ਦੋ ਵੱਡੇ ਕਾਰਨ ਦੱਸੇ ਹਨ। ਪਹਿਲਾ ਇਹ ਕਿ ਪੂਰਾ ਵਿਸ਼ਵ ਕੋਰੋਨਾ ਦੀ ਲਪੇਟ ‘ਚ ਹੈ। ਉਨ੍ਹਾਂ ਦੇ 2 ਬੱਚੇ ਹਨ, ਜੋ ਕਾਫੀ ਛੋਟੇ ਹਨ। ਇਸ ਤੋਂ ਇਲਾਵਾ ਘਰ ‘ਚ ਮਾਤਾ-ਪਿਤਾ ਵੀ ਹਨ। ਉਹ ਮਹਾਮਾਰੀ ਦੇ ਇਸ ਦੌਰ ‘ਚ ਉਨ੍ਹਾਂ ਨੂੰ ਇਕੱਲ਼ਾ ਨਹੀਂ ਛੱਡ ਸਕਦੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਭੂਆ ਦੇ ਪਰਿਵਾਰ ਨਾਲ ਜੋ ਹੋਇਆ, ਉਸ ਤੋਂ ਮਾਤਾ-ਪਿਤਾ ਕਾਫੀ ਪ੍ਰੇਸ਼ਾਨ ਹਨ। ਰੈਨਾ ਨੇ ਕਿਹਾ ਕਿ ਭਾਵੇਂ ਹੀ ਉਨ੍ਹਾਂ ਨੇ IPL ਨਹੀਂ ਖੇਡਿਆ ਤੇ ਧੋਨੀ ਨਾਲ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਵੀ ਲੈ ਲਿਆ ਹੈ ਪਰ ਉਨ੍ਹਾਂ ‘ਚ ਅਜੇ ਵੀ ਕ੍ਰਿਕਟ ਬਾਕੀ ਹੈ ਤੇ ਉਹ ਖੇਡਦੇ ਰਹਿਣਗੇ ਪਰ ਇਸ ਸਮੇਂ ਪਰਿਵਾਰ ਉਨ੍ਹਾਂ ਦੀ ਸਭ ਤੋਂ ਵੱਡੀ ਪਹਿਲ ਹੈ।
ਕੋਰੋਨਾ ਸੰਕਟ ‘ਚ ਉਹ ਕਾਫੀ ਅਹਿਤਿਆਤ ਵਰਤ ਰਹੇ ਹਨ। ਵੀਰਵਾਰ ਨੂੰ ਪਠਾਨਕੋਟ ਪੁੱਜੇ ਸੁਰੇਸ਼ ਰੈਨਾ ਆਪਣੇ ਦੋ ਦਿਨਾ ਦੌਰੇ ਤੋਂ ਬਾਅਦ ਜੰਮੂ ਦੇ ਰਸਤੇ ਸ਼੍ਰੀਨਗਰ ਰਵਾਨਾ ਹੋ ਗਏ। ਰੈਨਾ ਅਗਲੇ ਦੋ ਦਿਨ ਸ਼੍ਰੀਨਗਰ ‘ਚ ਰਹਿਣਗੇ। ਰੈਨਾ ਦਾ ਪਰਿਵਾਰ ਪਹਿਲਾਂ ਪਠਾਨਕੋਟ ਦੇ ਪਿੰਡ ਜਸਵਾਲੀ ‘ਚ ਰਹਿੰਦਾ ਸੀ। ਪਿਤਾ ਦੀ ਟਰਾਂਸਫਰ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਗਾਜ਼ੀਆਬਾਦ ਸ਼ਿਫਟ ਹੋ ਗਿਆ। ਰੈਨਾ ਦੀ ਸ਼ਰੂਆਤੀ ਸਿੱਖਿਆ ਇਥੇ ਹੀ ਹੋਈ। ਮਾਮਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰੈਨਾ ਛੁੱਟੀਆਂ ਬਿਤਾਉਣ ਸੂਰਜਪੁਰ ਆਉਂਦੇ ਸਨ ਅਤੇ ਉਥੇ ਆਪਣੇ ਤੋਂ ਵੱਡੀ ਉਮਰ ਦੇ ਨੌਜਵਾਨਾਂ ਨਾਲ ਕ੍ਰਿਕਟ ਖੇਡਦੇ ਸਨ। ਬੁੱਧਵਾਰ ਰਾਤ ਰੈਨਾ ਨੇ ਰਿਸ਼ਤੇਦਾਰਾਂ ਨਾਲ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ।