P. U. Chandigarh : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਲਗਾਤਾਰ ਦੂਜੀ ਵਾਰ ਅਬੁਲ ਕਲਾਮ ਆਜਾਦ ਟ੍ਰਾਫੀ ਹਾਸਲ ਕੀਤੀ ਹੈ। ਪੀਯੂ ਨੂੰ ਇਹ ਸਨਮਾਨ ਸ਼ਨੀਵਾਰ ਨੂੰ ਯੂ. ਟੀ. ਸੈਕ੍ਰੇਟੇਰੀਏਟ ‘ਚ ਸਪੋਰਟਸ ਅਥਾਰਟੀ ਆਫ ਇੰਡੀਆ ਵਲੋਂ ਹੋਣ ਵਾਲੀ ਵਰਚੂਅਲ ਸੈਰੇਮਨੀ ‘ਚ ਰਾਸ਼ਟਰਪਤੀ ਵਲੋਂ ਦਿਤਾ ਗਿਆ। ਇਸ ਮੌਕੇ ‘ਤੇ ਪੀ. ਯੂ. ਦੇ ਵੀ. ਸੀ. ਪ੍ਰੋ. ਰਾਜਕੁਮਾਰ ਨੇ ਦੱਸਿਆ ਕਿ ਇਹ ਉਪਲਬਧੀ ਪੰਜਾਬ ਯੂਨੀਵਰਸਿਟੀ ਦੇ ਖਿਡਾਰੀ ਤੇ ਕੋਚਾਂ ਦੀ ਹੈ ਜਿਨ੍ਹਾਂ ਨੇ ਲਗਾਤਾਰ ਦੂਜੀ ਵਾਰ ਉਨ੍ਹਾਂ ਨੂੰ ਇਹ ਟਰਾਫੀ ਦਿਵਾਈ ਹੈ। ਉਨ੍ਹਾਂ ਕਿਹਾ ਕਿ ਭਵਿੱਖ ‘ਚ ਵੀ ਪੀ. ਯੂ. ਦਾ ਗੌਰਵਮਈ ਇਤਿਹਾਸ ਇਸ ਤਰ੍ਹਾਂ ਬਣਿਆ ਰਹੇ ਇਸ ਲਈ ਉਹ ਲਗਾਤਾਰ ਕੋਸ਼ਿਸ਼ ਕਰਦੇ ਰਹਿਣਗੇ।
ਪੀ. ਯੂ. ਨੇ 25 ਸਾਲ ਬਾਅਦ ਇਹ ਇਤਿਹਾਸ ਦੁਹਰਾਇਆ ਹੈ। ਇਸ ਤੋਂ ਪਹਿਲਾਂ ਪੀਯੂ ਨੇ ਸਾਲ 1994-95 ਤੇ 1995-96 ‘ਚ ਲਗਾਤਾਰ ਦੋ ਵਾਰ ਮਾਕਾ ਟਰਾਫੀ ‘ਤੇ ਕਬਜ਼ਾ ਕੀਤਾ ਸੀ। ਪੀ. ਯੂ. ਲਗਾਤਾਰ 15 ਵਾਰ ਇਸ ਟਰਾਫੀ ਨੂੰ ਜਿੱਤ ਚੁੱਕੀ ਹੈ। ਇਸ ਸਾਲ ਪੰਜਾਬ ਯੂਨੀਵਰਸਿਟੀ ਨੇ 11852 ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਜਦੋਂ ਕਿ ਦੂਜੇ ਸਥਾਨ ‘ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ (10,515) ਰਹੀ। ਤੀਜੇ ਸਥਾਨ ‘ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ (8145) ਰਹੀ। ਅਬੁਲ ਕਲਾਮ ਆਜ਼ਾਦ ਟਰਾਫੀ ਜਿੱਤਣ ਵਾਲੀ ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਦੇ ਖਿਡਾਰੀਆਂ ਨੇ ਸ਼ੂਟਿੰਗ, ਜਿਮਨਾਸਟਿਕ, ਸਵੀਮਿੰਗ, ਰੋਇੰਗ ਅਤੇ ਕੈਨੋਇੰਗ ਵਰਗੀਆਂ ਖੇਡਾਂ ‘ਚ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪੀ. ਯੂ. ਸਪੋਰਟਸ ਡਾਇਰੈਕਟਰ ਪਰਮਿੰਦਰ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਇਸ ਵਾਰ ਕੋਰੋਨਾ ਮਹਾਮਾਰੀ ਦੀ ਵਜ੍ਹਾ ਕਾਰਨ ਪਿਛਲੇ ਸਾਲ ਦੀ ਤਰ੍ਹਾਂ ਜਸ਼ਨ ਨਹੀਂ ਹੋਵੇਗਾ। ਪੀ. ਯੂ. ਨੇ ਖੇਲੋ ਇੰਡੀਆ ਯੂਨੀਵਰਸਿਟੀ ਦੀਆਂ ਕਈ ਖੇਡ ਪ੍ਰਤੀਯੋਗਤਾਵਾਂ ‘ਚ ਓਵਰਆਲ ਚੈਂਪੀਅਨਸ਼ਿਪ ਵੀ ਹਾਸਲ ਕੀਤੀ।