P. U. Has : ਚੰਡੀਗੜ੍ਹ : ਬੀਤੇ ਮੰਗਲਵਾਰ ਨੂੰ ਪੀ. ਯੂ. ਅਥਾਰਟੀ ਨੇ ਸਾਰੇ ਕਾਲਜਾਂ ਤੋਂ ਫੀਸ ਜਮ੍ਹਾ ਨਾ ਕਰਵਾਉਣ ਵਾਲੇ ਵਿਦਿਆਰਥੀਆਂ ਦੀ ਸੂਚੀ ਮੰਗੀ ਸੀ। ਇਸ ‘ਚ ਪੀ. ਯੂ. ਨੇ ਸਾਫ ਕਿਹਾ ਸੀ ਕਿ ਜਿਹੜੇ ਵਿਦਿਆਰਥੀਆਂ ਨੇ ਫੀਸ ਜਮ੍ਹਾ ਨਹੀਂ ਕੀਤੀ ਸੀ ਜਿਨ੍ਹਾਂ ਦੀ ਬਕਾਇਆ ਰਕਮ ਪਈ ਹੈ, ਉਨ੍ਹਾਂ ਨੂੰ ਰੋਲ ਨੰਬਰ ਜਾਰੀ ਨਹੀਂ ਕੀਤੇ ਜਾਣਗੇ। ਇਸ ਫੈਸਲੇ ਤੋਂ ਬਾਅਦ ਵੀਰਵਾਰ ਨੂੰ ਡੀਨ ਯੂਨੀਵਰਸਿਟੀ ਇੰਸਟ੍ਰਕਸ਼ਨ ਨੇ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਕਰਕੇ ਨਵੇਂ ਨਿਰਦੇਸ਼ ਦਿੱਤੇ ਹਨ। ਜਾਰੀ ਨੋਟੀਫਿਕੇਸ਼ਨ ਮੁਤਾਬਕ ਹੁਣ ਉਹ ਵਿਦਿਆਰਥੀ ਵੀ ਫਾਈਨਲ ਈਅਰ ਦੇ ਪੇਪਰ ਦੇ ਸਕਣਗੇ, ਜਿਨ੍ਹਾਂ ਨੇ ਫੀਸ ਜਮ੍ਹਾ ਨਹੀਂ ਕਰਵਾਈ ਹੈ। ਇਸ ਫੈਸਲੇ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਰਾਹਤ ਦੀ ਸਾਹ ਮਿਲੀ ਹੈ ਜਿਨ੍ਹਾਂ ਨੇ ਹੁਣ ਤਕ ਫੀਸ ਜਮ੍ਹਾ ਨਹੀਂ ਕਰਵਾਈ।
ਪੀ.ਯੂ. ਪਹਿਲੀ ਵਾਰ ਦਾਖਲਾ ਪ੍ਰਕਿਰਿਆ ਪੂਰੀ ਤਰ੍ਹਾਂ ਤੋਂ ਆਨਲਾਈਨ ਮੋਡ ‘ਚ ਕਰ ਰਹੀ ਹੈ। ਹਾਲਾਂਕਿ ਕੋਵਿਡ-19 ਦੇ ਬਾਅਦ ਕੈਂਪਸ ‘ਚ ਆਫਲਾਈਨ ਮੋਡ ‘ਚ ਵੀ ਫੀਸ ਜਮ੍ਹਾ ਹੋ ਰਹੀ ਹੈ ਪਰ ਦੂਰ-ਦੁਰਾਡੇ ਦੇ ਵਿਦਿਆਰਥੀਆਂ ਲਈ ਕੈਂਪਸ ਆਉਣਾ ਬਹੁਤ ਮੁਸ਼ਕਲ ਹੈ ਉਂਝ ਵੀ ਪੀ. ਯੂ. ਅਥਾਰਟੀ ਨੇ ਸਟੂਡੈਂਟ ਦੇ ਕੈਂਪਸ ਆਉਣ ‘ਤੇ ਰੋਕ ਲਗਾਈ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਲਗਭਗ 7000 ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਨੇ ਫੀਸ ਜਮ੍ਹਾ ਨਹੀਂ ਕਰਾਈ ਹੈ। ਇਹ ਅੰਕੜਾ ਆਪਣੇ ਆਪ ‘ਚ ਹੈਰਾਨ ਕਰਨ ਵਾਲਾ ਹੈ। ਇਨ੍ਹਾਂ ਵਿਦਿਆਰਥੀਆਂ ‘ਚ ਪੰਜਾਬ, ਹਰਿਆਣਾ ਸਮੇਤ ਬਿਹਾਰ, ਹਿਮਾਚਲ ਵਰਗੇ ਸੂਬੇ ਸ਼ਾਮਲ ਹਨ। ਇਨ੍ਹਾਂ ਵਿਦਿਆਰਥੀਆਂ ਨੇ ਕਈ ਵਾਰ ਪੀ. ਯੂ. ਅਥਾਰਟੀ ਨੂੰ ਆਪਣੀ ਪ੍ਰੇਸ਼ਾਨੀ ਬਾਰੇ ਦੱਸਿਆ ਸੀ।
ਨੋਟੀਫਿਕੇਸ਼ਨ ਤਹਿਤ ਪੀ. ਯੂ. ਅਥਾਰਟੀ ਨੇ ਜਿਥੇ ਇੱਕ ਪਾਸੇ ਵਿਦਿਆਰਥੀਆਂ ਨੂੰ ਫੀਸ ਦਿੱਤੇ ਬਿਨਾਂ ਪੇਪਰ ਦੇਣ ਦੀ ਇਜਾਜ਼ਤ ਦਿੱਤੀ ਹੈ। ਉਥੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਾਫ ਕਰ ਦਿੱਤਾ ਕਿ ਜਦੋਂ ਤੱਕ ਉਹ ਪੀ. ਯੂ. ਦਾ ਪੂਰਾ ਭੁਗਤਾਨ ਨਹੀਂ ਕਰਦੇ ਉਦੋਂ ਤੱਕ ਉਨ੍ਹਾਂ ਦਾ ਰਿਜ਼ਲਟ ਤੇ ਮਾਰਕਸ਼ੀਟ ਨਹੀਂ ਦਿੱਤੀ ਜਾਵੇਗੀ।