P. U. Online : ਪੀ. ਯੂ. ਪ੍ਰਸ਼ਾਸਨ ਨੇ ਫੀਸ ਮੁੱਦਾ ਸੁਲਝਾਉਣ ਤੋਂ ਬਾਅਦ ਵਿਦਿਆਰਥੀਆਂ ਲਈ ਸਿੰਗਲ ਵਿੰਡੋ ਵੀ ਖੋਲ੍ਹ ਦਿੱਤੀ ਹੈ। ਜਿਹੜੇ ਵਿਦਿਆਰਥੀਆਂ ਨੂੰ ਆਨਲਾਈਨ ਫੀਸ ਜਮ੍ਹਾ ਕਰਵਾਉਣ ‘ਚ ਮੁਸ਼ਕਲ ਆ ਰਹੀ ਹੈ, ਉਹ ਕੈਂਪਸ ‘ਚ ਆ ਕੇ ਫੀਸ ਜਮ੍ਹਾ ਕਰਵਾ ਸਕਦੇ ਹਨ। ਇਸ ਦੇ ਨਾਲ ਹੀ ਜੇਕਰ ਕਿਸੇ ਵਿਦਿਆਰਥੀ ਦੇ ਘਰ ਨੇੜੇ ਭਾਰਤੀ ਸਟੇਟ ਬੈਂਕ ਦੀ ਬ੍ਰਾਂਚ ਹੈ ਤਾਂ ਉਹ ਉਥੇ ਵੀ ਫੀਸ ਜਮ੍ਹਾ ਕਰਵਾ ਸਕਦਾ ਹੈ ਪਰ ਵਿਦਿਆਰਥੀ ਬੈਂਕ ਜਾਣ ਤੋਂ ਪਰਹੇਜ਼ ਕਰਕੇ ਕੈਂਪਸ ‘ਚ ਫੀਸ ਜਮ੍ਹਾ ਕਰਨ ਲਈ ਆ ਰਹੇ ਹਨ। ਪੀ. ਯੂ. ਪ੍ਰਸ਼ਾਸਨ ਫੀਸ ਜਮ੍ਹਾ ਕਰਨ ਦੀ ਆਖਰੀ ਤਰੀਕ 5 ਸਤੰਬਰ ਰੱਖੀ ਗਈ ਸੀ ਜਿਸ ਤੋਂ ਬਾਅਦ ਮੰਗਲਵਾਰ ਨੂੰ ਵਿਦਿਆਰਥੀਆਂ ਨੇ ਵੱਡੀ ਗਿਣਤੀ ‘ਚ ਆਨਲਾਈਨ ਤੇ ਆਫਲਾਈਨ ਮੋਡ ਤੋਂ ਫੀਸ ਜਮ੍ਹਾ ਕਰਵਾਈ ਹੈ।
ਸਿੰਗਲ ਵਿੰਡੋ ਨੂੰ ਦਿਨ ‘ਚ ਦੋ ਵਾਰ ਸੈਨੇਟਾਈਜ ਕੀਤਾ ਜਾ ਰਿਹਾ ਹੈ ਤਾਂ ਕਿ ਕੋਰੋਨਾ ਵਾਇਰਸ ਦਾ ਖਤਰਾ ਨਾ ਰਹੇ। ਸਵੇਰੇ ਵਿੰਡੋ ਖੋਲ੍ਹਣ ਤੋਂ ਇਕ ਘੰਟਾ ਪਹਿਲਾਂ ਤੇ ਲੰਚ ਟਾਈਮ ‘ਚ ਇਸ ਨੂੰ ਸੈਨੇਟਾਈਜ ਕੀਤਾ ਜਾਂਦਾ ਹੈ। ਕੈਂਪਸ ‘ਚ ਤਿੰਨ ਵਿਦਿਆਰਥੀਆਂ ਲਈ ਤਿੰਨ ਸਿੰਗਲ ਵਿੰਡੋ ਖੋਲ੍ਹੀਆਂ ਗਈਆਂ ਹਨ। ਜੋ ਵਿਦਿਆਰਥੀ ਯੂਨੀਵਰਸਿਟੀ ਸਕੂਲ ਆਫ ਓਪਨ ਲਰਿਨੰਗ (ਯੂ. ਐੱਸ. ਓ. ਐੱਲ.) ਤੋਂ ਵੱਖ-ਵੱਖ ਕੋਰਸ ਕਰ ਰਹੇ ਹਨ ਉਨ੍ਹਾਂ ਦੀ ਫੀਸ ਤੇ ਫਾਰਮ ਵੀ ਵਿਭਾਗ ‘ਚ ਜਮ੍ਹਾ ਹੋ ਰਹੇ ਹਨ ਪਰ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ USOL ਕਮਰੇ ਦੀਆਂ ਖਿੜਕੀਆਂ ਤੋਂ ਹੀ ਵਿਦਿਆਰਥੀਆਂ ਨੂੰ ਅਟੈਂਡ ਕਰ ਰਹੇ ਹਨ।
ਫੀਸ ਜਮ੍ਹਾ ਕਰਨ ਦਾ ਸਿਲਸਿਲਾ ਪਹਿਲਾਂ ਤੋਂ ਹੀ ਚੱਲ ਰਿਹਾ ਸੀ ਪਰ ਕੁਝ ਵਿਦਿਆਰਥੀਆਂ ਦੇ ਮਨ ‘ਚ ਫੀਸ ਨੂੰ ਲੈ ਕੇ ਕੁਝ ਸਵਾਲ ਸਨ। ਪੀ. ਯੂ. ਪ੍ਰਸ਼ਾਸਨ ਫੀਸ ਜਮ੍ਹਾ ਕਰਨ ਨੂੰ ਲੈ ਕੇ ਫੈਸਲੇ ਤੋਂ ਬਾਅਦ ਦੂਜੇ ਦਿਨ ਰਿਕਾਰਡ ਵਿਦਿਆਰਥੀਆਂ ਨੇ ਫੀਸ ਜਮ੍ਹਾ ਕੀਤੀ ਹੈ। ਇਕੱਲੇ ਪੀ. ਜੀ. ਕੋਰਸ ‘ਚ ਹੁਣ ਤਕ 5888 ਵਿਦਿਆਰਥੀ ਫੀਸ ਜਮ੍ਹਾ ਕਰ ਚੁੱਕੇ ਹਨ। ਇਸ ਤੋਂ ਇਲਾਵਾ ਓਵਰਆਲ ਫੀਸ ਜਮ੍ਹਾ ਕਰਨ ਦਾ ਅੰਕੜਾ 10,000 ਤਕ ਪਹੁੰਚਣ ਵਾਲਾ ਹੈ।