Panic erupts at : ਪਠਾਨਕੋਟ : ਭਾਰਤ-ਪਾਕਿ ਸਰਹੱਦ ਤੋਂ 45 ਕਿ. ਮੀ. ਦੂਰ ਪਠਾਨਕੋਟ ਦੇ ਪਿੰਡ ਸਿੰਬਲੀ ਦੇ ਗੰਨੇ ਦੇ ਖੇਤ ਤੋਂ ਪਾਕਿਸਤਾਨੀ ਗੁਬਾਰਾ ਮਿਲਣ ਨਾਲ ਸਨਸਨੀ ਫੈਲ ਗਈ। ਗੁਬਾਰੇ ‘ਤੇ ਦਿਲ-ਦਿਲ ਪਾਕਿਸਤਾਨ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਗੁਬਾਰੇ ‘ਤੇ ਪਾਕਿਸਤਾਨੀ ਝੰਡੇ ਦਾ ਨਿਸ਼ਾਨ ਵੀ ਹੈ। ਪੁਲਿਸ ਤੇ ਫੌਜ ਦੀ ਖੁਫੀਆ ਵਿੰਗ ਮਾਮਲੇ ਦੀ ਜਾਂਚ ਕਰ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਸਿੰਬਲੀ ਦੇ ਕੁਝ ਨੌਜਵਾਨ ਸੈਰ ਨੂੰ ਚੱਕੀ ਦਰਿਆ ਵਲ ਜਾ ਰਹੇ ਸਨ। ਪਿੰਡ ਦੇ ਬਾਹਰ ਗੰਨੇ ਦੇ ਖੇਤ ‘ਚ ਉਨ੍ਹਾਂ ਨੇ ਸਫੈਦ ਰੰਗ ਦਾ ਗੁਬਾਰਾ ਲਟਕਦਾ ਦੇਖਿਆ। ਕੋਲ ਜਾ ਕੇ ਦੇਖਿਆ ਤਾਂ ਉਸ ‘ਤੇ ਹਰੇ ਰੰਗ ਨਾਲ ‘ਦਿਲ ਦਿਲ ਪਾਕਿਸਤਾਨ’ ਤੋਂ ਇਲਾਵਾ ਚੰਨ੍ਹ-ਤਾਰਾ ਵੀ ਬਣਿਆ ਹੋਇਆ ਸੀ। ਨੌਜਵਾਨਾਂ ਨੇ ਪਿੰਡ ਦੇ ਸਰਪੰਚ ਤੇ ਪੰਚਾਇਤ ਨੂੰ ਸੂਚਿਤ ਕੀਤਾ।ਸਰਪੰਚ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਘਰੋਟਾ ਪੁਲਿਸ ਚੌਕੀ ਇੰਚਾਰਜ ਕ੍ਰਿਸ਼ਮਾ ਦੇਵੀ ਉਥੇ ਪਹੁੰਚੀ ਤੇ ਗੁਬਾਰੇ ਨੂੰ ਥਾਣਾ ਸਦਰ ਲੈ ਜਾਇਆ ਗਿਆ।
ਇਸ ਤੋਂ ਪਹਿਲਾਂ ਵੀ ਅਜਿਹੇ ਕਾਫੀ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਥਾਂ ਤੋਂ ਇਹ ਗੁਬਾਰਾ ਮਿਲਿਆ ਹੈ, ਉਥੋਂ ਕੌਮਾਂਤਰੀ ਸਰਹੱਦ 45 ਕਿ. ਮੀ. ਦੂਰ ਹੈ। ਗੁਬਾਰੇ ਦਾ ਸਾਈਜ਼ ਇੰਨਾ ਵੱਡਾ ਵੀ ਨਹੀਂ ਸੀ ਕਿ ਉਹ ਇੰਨੀ ਦੂਰ ਉਡ ਕੇ ਪਿੰਡ ਸਿੰਬਲੀ ਤਕ ਪੁੱਜ ਸਕੇ। ਇਸ ਤੋਂ ਇਲਾਵਾ ਆਜ਼ਾਦੀ ਦਿਹਾੜੇ ਨੂੰ ਅਜੇ ਚਾਰ ਦਿਨ ਬਾਕੀ ਹਨ। ਜਾਂਚ ਏਜੰਸੀਆਂ ਸਾਵਧਾਨ ਹੋ ਗਈਆਂ ਹਨ ਤੇ ਪੁਲਿਸ ਦੀ ਖੁਫੀਆ ਵਿੰਗ ਗੁਬਾਰੇ ਦੀ ਜਾਂਚ ‘ਚ ਲੱਗ ਗਏ ਹਨ। ਪੁਲਿਸ ਟੀਮ ਨੇ ਗੁਬਾਰੇ ਨੂੰ ਕਬਜ਼ੇ ਵਿਚ ਲੈ ਲਿਆ ਹੈ। ਜਾਂਚ ਕੀਤੀ ਜਾ ਰਹੀ ਹੈ।