Parents struggling with : ਸੂਬੇ ਵਿਚ ਪਿਛਲੇ ਤਿੰਨ ਮਹੀਨੇ ਤੋਂ ਚੱਲ ਰਹੇ ਲੌਕਡਾਊਨ ਕਾਰਨ ਲੋਕਾਂ ਨੂੰ ਆਰਥਿਕ ਤੰਗੀ ਨਾਲ ਜੂਝਣਾ ਪੈ ਰਿਹਾ ਹੈ। ਇਸ ਸਮੇਂ ਦੌਰਾਨ ਸਾਰੇ ਕਾਰੋਬਾਰ ਠੱਪ ਪਏ ਸਨ ਤੇ ਲੋਕਾਂ ਦੀ ਆਮਦਨੀ ਤੇ ਖਰਚਾ ਦੋਵੇਂ ਹੀ ਬੁਰੀ ਤਰ੍ਹਾਂ ਤੋਂ ਪ੍ਰਭਾਵਿਤ ਹੋਏ ਹਨ। ਲੌਕਡਾਊਨ ਦੌਰਾਨ ਇਕ ਚੰਗਾ ਪੱਖ ਇਹ ਸਾਹਮਣੇ ਆਇਆ ਹੈ ਕਿ ਲੋਕ ਹੁਣ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ਵਿਚ ਦਾਖਲਾ ਦਿਵਾਉਣ ਦੀ ਬਜਾਏ ਸਰਕਾਰੀ ਸਕੂਲਾਂ ਵਿਚ ਪੜ੍ਹਾਉਣਾ ਬੇਹਤਰ ਸਮਝ ਰਹੇ ਹਨ। ਹਾਲਾਂਕਿ ਹੁਣ ਸਰਕਾਰੀ ਸਕੂਲਾਂ ‘ਚ ਵਿਚ ਵੀ ਕਾਫੀ ਬਦਲਾਅ ਆਇਆ ਹੈ ਅਤੇ ਸਰਕਾਰੀ ਸਕੂਲਾਂ ਨੂੰ ਵੀ ਸਮਾਰਟ ਸਕੂਲਾਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ ਤਾਂ ਜੋ ਵਧ ਤੋਂ ਵਧ ਵਿਦਿਆਰਥੀ ਸਰਕਾਰੀ ਸਕੂਲਾਂ ਵਲ ਆਕਰਸ਼ਿਤ ਹੋ ਸਕਣ।
ਪੰਜਾਬ ਦੇ ਸਰਕਾਰੀ ਸਕੂਲਾਂ ‘ਚ 2020-21 ਸੈਸ਼ਨ ਲਈ ਹੁਣ ਤਕ 2,07,486 ਬੱਚੇ ਵਧੇ ਹਨ। ਜਦਕਿ 2019-20 ‘ਚ ਪ੍ਰਾਇਮਰੀ ਤੇ ਪ੍ਰੀ ਪ੍ਰਾਇਮਰੀ ਤੋਂ ਲੈਕੇ 12ਵੀਂ ਤਕ 23,52,112 ਬੱਚੇ ਪੜ੍ਹ ਰਹੇ ਸਨ। ਹੁਣ ਇਹ ਗ੍ਰਾਫ ਵਧ ਕੇ 25,59,598 ਤੇ ਪਹੁੰਚ ਗਿਆ। ਪਿਛਲੇ ਸਾਲ ਦੇ ਮੁਕਾਬਲੇ ਇਹ ਸੰਖਿਆ 8.42 ਫੀਸਦੀ ਜ਼ਿਆਦਾ ਹੈ। ਮੌਜੂਦਾ ਸਮੇਂ ਵੀ ਸਰਕਾਰੀ ਸਕੂਲਾਂ ‘ਚ ਐਨਰੋਲਮੈਂਟ ਚੱਲ ਰਹੀ ਹੈ। ਸਰਕਾਰੀ ਸਕੂਲਾਂ ‘ਚ ਦਾਖਲਾ ਵਧਾਉਣ ‘ਚ ਮੁਹਾਲੀ ਦਾ ਪਹਿਲਾ ਨੰਬਰ ਰਿਹਾ ਹੈ। ਦੂਜੇ ਨੰਬਰ ‘ਤੇ ਫਤਹਿਗੜ੍ਹ ਸਾਹਿਬ ਤੇ ਤੀਜੇ ‘ਤੇ ਲੁਧਿਆਣਾ ਰਿਹਾ।
ਆਰਥਿਕ ਮੰਦੀ ਨਾਲ ਜੂਝ ਰਹੇ ਮਾਪਿਆਂ ਦਾ ਰੁਝਾਨ ਹੁਣ ਸਰਕਾਰੀ ਸਕੂਲਾਂ ਵਲ ਵਧ ਰਿਹਾ ਹੈ ਕਿਉਂਕਿ ਉਹ ਪ੍ਰਾਈਵੇਟ ਸਕੂਲਾਂ ਦੀਆਂ ਵਾਧੂ ਫੀਸਾਂ ਦੇਣ ਤੋਂ ਅਸਮਰਥ ਹਨ। ਹੁਣ ਸਰਕਾਰੀ ਸਕੂਲ ਵੀ ਡਿਜੀਟਲ ਵੱਲ ਵਧ ਰਹੇ ਹਨ। ਜ਼ਿਆਦਾਕਰ ਸਕੂਲਾਂ ‘ਚ ਸਮਾਰਟ ਕਲਾਸਰੂਮ ‘ਚ ਪੜ੍ਹਾਈ ਕਰਾਈ ਜਾ ਰਹੀ ਹੈ। ਸਰਕਾਰੀ ਸਕੂਲਾਂ ‘ਚ ਅੰਗਰੇਜ਼ੀ ਮਾਧਿਆਮ ਪੜ੍ਹਾਈ ਨੇ ਵੀ ਮਾਪਿਆਂ ਨੂੰ ਆਪਣੇ ਵੱਲ ਖਿੱਚਿਆ ਹੈ। ਪ੍ਰਾਈਵੇਟ ਸਕੂਲਾਂ ਵਲੋਂ ਟਿਊਸ਼ਨ ਫੀਸਾਂ ਦੀ ਆੜ੍ਹ ਹੇਠਾਂ ਮਾਪਿਆਂ ਨੂੰ ਲੁੱਟਿਆ ਜਾ ਰਿਹਾ ਹੈ। ਇਸੇ ਤੋਂ ਬਚਣ ਲਈ ਹੁਣ ਮਾਪੇ ਸਰਕਾਰੀ ਸਕੂਲਾਂ ਵਲ ਆਪਣਾ ਰੁਖ ਕਰ ਰਹੇ ਹਨ।