Patients are being : ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਮਨੁੱਖਤਾ ਦੀਆਂ ਸਾਰੀਆਂ ਹੱਦਾਂ ਪਾਰ ਹੋ ਗਈਆਂ। ਵੀਰਵਾਰ ਨੂੰ ਦਿਲ ਦਹਿਲਾ ਦੇਣ ਵਾਲੀ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਨੇ ਪੂਰੇ ਸਿਸਟਮ ‘ਤੇ ਸਵਾਲ ਖੜ੍ਹੇ ਕਰ ਦਿੱਤੇ।ਕੋਰੋਨਾ ਪੀੜਤ ਇਕ ਮਹਿਲਾ ਦੀ ਮ੍ਰਿਤਕ ਦੇਹ ਜਿਥੇ 12 ਘੰਟੇ ਤੋਂ ਵਧ ਸਮਾਂ ਆਈਸੋਲੇਸ਼ਨ ਵਾਰਡ ਦੇ ਫਰਸ਼ ‘ਤੇ ਪਈ ਰਹੀ ਉਥੇ ਇਕ ਬਜ਼ੁਰਗ ਸਾਹ ਨਾ ਲੈਣ ਕਾਰਨ ਤੜਫ-ਤੜਫ ਕੇ ਬੈੱਡ ਤੋਂ ਹੇਠਾਂ ਡਿੱਗ ਗਿਆ।
2 ਘੰਟੇ ਤਕ ਉਸ ਨੂੰ ਚੁੱਕਣ ਲਈ ਕੋਈ ਨਹੀਂ ਪੁੱਜਿਆ। ਇਹ ਸਾਰਾ ਕੁਝ ਦੇਖ ਕੇ ਵਾਰਡ ਵਿਚ ਭਰਤੀ ਹੋਰ ਮਰੀਜ਼ਾਂ ਦੀਆਂ ਡਰ ਦੇ ਮਾਰੇ ਸਾਹ ਰੁਕ ਗਏ। ਮਾਮਲੇ ‘ਚ ਨੋਡਲ ਅਫਸਰ ਆਈ. ਏ. ਐੱਸ. ਸੁਰਭੀ ਮਲਿਕ ਨੇ ਜਾਂਚ ਦੇ ਹੁਕਮ ਦਿੱਤੇ ਹਨ। ਜਿਲ੍ਹਾ ਲੋਕ ਸੰਪਰਕ ਅਧਿਕਾਰੀ ਰਵੀ ਇੰਦਰਪਾਲ ਮੱਖੜ ਨੇ ਮੰਨਿਆ ਕਿ ਕੁਝ ਦਿਨ ਪਹਿਲਾਂ ਵੀ ਮਰੀਜ਼ ਦੇ ਹੇਠਾਂ ਡਿੱਗ ਜਾਣ ਅਤੇ ਉਸ ਨੂੰ ਚੁੱਕਣ ਵਿਚ ਦੇਰੀ ਦੇ ਮਾਮਲੇ ਨਾਲ ਸਬੰਧਤ ਡਾਕਟਰ ਤੋਂ ਪੁੱਛਿਆ ਗਿਆ। ਡਾਕਟਰ ਦਾ ਕਹਿਣਾ ਸੀ ਉਹ ਜਿੰਦਾ ਮਰੀਜ਼ਾਂ ਦੀ ਦੇਖਭਾਲ ਕਰਨ ਜਾਂ ਮਰਨ ਵਾਲਿਆਂ ਨੂੰ ਚੁੱਕਣ।
ਇਸ ਤੋਂ ਪਹਿਲਾਂ ਵੀ ਇਥੋਂ ਦੇ ਕੁਆਰੰਟਾਈਨ ਸੈਂਟਰ ਦੀਆਂ ਲਾਪ੍ਰਵਾਹੀਆਂ ਦੀਆਂ ਫੋਟੋਆਂ ਵਾਇਰਲ ਹੋ ਚੁੱਕੀਆਂ ਹਨ। ਇਸ ਵਾਰ ਕੌਂਸਲ ਦੇ ਸਾਬਕਾ ਪ੍ਰਧਾਨ ਨੇ ਡੀ. ਸੀ. ਅਤੇ ਸਿਵਲ ਸਰਜਨ ਨੂੰ ਇਤਰਾਜ਼ ਪ੍ਰਗਟਾਇਆ ਸੀ। 29 ਜੁਲਾਈ ਨੂੰ ਲੁਧਿਆਣਾ ਦੇ ਇਕ ਪਰਿਵਾਰ ਨੂੰ ਪੀੜਤ ਮਰੀਜ਼ ਦੀ ਮ੍ਰਿਤਕ ਦੇਹ ਨੂੰ ਸੌਂਪਣ ਦੀ ਬਜਾਏ ਧੂਰੀ ਦੇ ਬਜ਼ੁਰਗ ਦੀ ਮ੍ਰਿਤਕ ਦੇਹ ਸੌਂਪ ਦਿੱਤੀ ਸੀ। ਰਾਜਿੰਦਰਾ ਹਸਪਤਾਲ ਵਿਚ ਅਜਿਹੀ ਘਟਨਾ ਹੋਈ ਹੈ ਤਾਂ ਹੈਲਥ ਸੈਕ੍ਰੇਟਰੀ ਤੋਂ ਰਿਪੋਰਟ ਮੰਗੀ ਜਾਵੇਗੀ। ਰਿਪੋਰਟ ਮਿਲਣ ‘ਤੇ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।