People including 4 : ਜਲੰਧਰ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਕਲ ਵੀਰਵਾਰ ਨੂੰ 4 ਪੁਲਿਸ ਮੁਲਾਜ਼ਮਾਂ ਸਮੇਤ 9 ਲੋਕਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਤੇ ਨਾਲ ਹੀ ਇਕ ਔਰਤ ਦੀ ਕੋਰੋਨਾ ਨਾਲ ਮੌਤ ਹੋ ਗਈ। ਮ੍ਰਿਤਕ ਔਰਤ ਭੋਗਪੁਰ ਦੇ ਪਿੰਡ ਪਚਰੰਗਾ ਦੀ ਰਹਿਣ ਵਾਲੀ ਸੀ। ਜਲੰਧਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 418ਹੋ ਗਈ ਹੈ ਤੇ ਇਸ ਦੇ ਨਾਲ ਹੀ ਕਲ ਜਲੰਧਰ ਤੋਂ ਦੋ ਮਰੀਜ਼ਾਂ ਨੂੰ ਕੋਰੋਨਾ ਮੁਕਤ ਹੋਣ ‘ਤੇ ਛੁੱਟੀ ਦੇ ਕੇ ਘਰ ਵਿਚ ਹੀ ਆਈਸੋਲੇਟ ਹੋਣ ਨੂੰ ਕਿਹਾ ਗਿਆ ਹੈ।
ਵੀਰਵਾਰ ਨੂੰ ਸਵੇਰੇ ਸਿਵਲ ਹਸਪਤਾਲ ਵਿਚ ਭੋਗਪੁਰ ਦੇ ਨੇੜਲੇ ਪਿੰਡ ਪਚਰੰਗਾ ਦੀ ਰਹਿਣ ਵਾਲੀ 30 ਸਾਲਾ ਔਰਤ ਰੀਨਾ ਦੇਵੀ ਦੀ ਮੌਤ ਹੋ ਗਈ। ਉਹ ਪੀਲੀਆ, ਸ਼ੂਗਰ ਤੇ ਕਿਡਨੀ ਦੀ ਬੀਮਾਰੀ ਤੋਂ ਪੀੜਤ ਸੀ। ਹਾਲਤ ਗੰਭੀਰ ਹੋਣ ‘ਤੇ ਉਸ ਨੂੰ 12 ਜੂਨ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ। ਉਸ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਗਏ ਸਨ ਜਿਸ ਦੀ ਰਿਪੋਰਟ ਪਾਜੀਟਿਵ ਆਈ ਸੀ। ਵਿਭਾਗ ਦੀ ਟੀਮ ਵਲੋਂ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਤੇ ਪਰਿਵਾਰਕ ਮੈਂਬਰਾਂ ਨੇ ਪੀ. ਪੀ. ਈ. ਕਿੱਟਾਂ ਪਾ ਕੇ ਉਕਤ ਔਰਤ ਦਾ ਸਸਕਾਰ ਕੀਤਾ। ਮਹਿਲਾ ਦੇ ਸੰਪਰਕ ਵਿਚ ਆਉਣ ਵਾਲੇ ਲਗਭਗ 25 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ।
ਕੋਰੋਨਾ ਨੇ ਤੇਜ਼ੀ ਨਾਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਆਪਣੇ ਪੈਸ ਪਸਾਰਣੇ ਸ਼ੁਰੂ ਕਰ ਦਿੱਤੇ ਹਨ। ਜਿਲ੍ਹੇ ਵਿਚ ਪਿਛਲੇ 11 ਦਿਨ ਵਿਚ 118 ਮਰੀਜ਼ਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਦੇ ਨਾਲ ਹੀ ਕੋਰੋਨਾ ਜਾਨਲੇਵਾ ਸਾਬਤ ਹੋਣ ਲੱਗਾ ਹੈ। ਪਿਛਲੇਇਕ ਹਫਤੇ ਵਿਚ 4 ਮਰੀਜ਼ ਕੋਰੋਨਾ ਦੀ ਵਜ੍ਹਾ ਨਾਲ ਆਪਣੀ ਜਾਨ ਗੁਆ ਬੈਠੇ ਹਨ। ਸਭ ਤੋਂ ਵਧ ਮੌਤਾਂ ਅੰਮ੍ਰਿਤਸਰ ਵਿਖੇ ਹਨ ਜਿਥੇ ਕੋਰੋਨਾ ਪੀੜਤਾਂ ਦਾ ਅੰਕੜਾ ਵੀ ਲਗਾਤਾਰ ਵਧ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ।