People will be : ਚੰਡੀਗੜ੍ਹ ਵਿਖੇ ਅਨੋਖੀ ਪਹਿਲ ਕਰਦੇ ਹੋਏ ‘ਤੇਰਾ ਹੀ ਤੇਰਾ’ ਮਿਸ਼ਨ ਹਸਪਤਾਲ ਖੋਲ੍ਹਿਆ ਗਿਆ ਹੈ। ਇਸ ਹਸਪਤਾਲ ਦੀ ਖਾਸੀਅਤ ਇਹ ਹੈ ਕਿ ਇਥੇ ਹਰ ਤਰ੍ਹਾਂ ਦੇ ਟੈਸਟ ਬਹੁਤ ਹੀ ਘੱਟ ਰੇਟਾਂ ‘ਤੇ ਕੀਤੇ ਜਾਂਦੇ ਹਨ ਅਤੇ ਦਵਾਈ ਵੀ ਬਹੁਤ ਸਸਤੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹਸਪਤਾਲ ‘ਚ ਆਉਣ ਵਾਲੇ ਸਾਰੇ ਮਰੀਜ਼ਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਦੇ ਖਾਣ, ਪੀਣ ਤੇ ਰਹਿਣ ਸਹਿਣ ਦਾ ਵੀ ਬਹੁਤ ਚੰਗਾ ਪ੍ਰਬੰਧ ਹਸਪਤਾਲ ਵਿਚ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਹਰਜੀਤ ਸਿੰਘ ਸੱਭਰਵਾਲ ਨੇ ਦੱਸਿਆ ਕਿ ‘ਤੇਰਾ ਹੀ ਤੇਰਾ’ ਮਿਸ਼ਨ ਹਸਪਤਾਲ ਵਿਚ 113 ਰੁਪਏ ਦੀ ਅਲਟਰਾ ਸਾਊਂਡ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ 1313 ਰੁਪਏ ‘ਚ MRI ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਟੈਸਟ ਬਹੁਤ ਸਸਤੇ ਰੇਟਾਂ ‘ਤੇ ਕੀਤੇ ਜਾ ਰਹੇ ਹਨ ਜੋ ਕਿ ਦੂਜੇ ਪ੍ਰਾਈਵੇਟ ਹਸਪਤਾਲਾਂ ‘ਚ ਬਹੁਤ ਹੀ ਮਹਿੰਗੇ ਹਨ। ਇਸ ਹਸਪਤਾਲ ‘ਚ ਡਾਕਟਰਾਂ ਵਲੋਂ ਜਿਹੜੀ ਦਵਾਈ ਮਰੀਜ਼ ਨੂੰ ਲਿਖੀ ਜਾਂਦੀ ਹੈ ਉਹ ਉਸ ਨੂੰ ਹਸਪਤਾਲ ‘ਚ ਹੀ ਬਹੁਤ ਸਸਤੇ ਰੇਟ ‘ਤੇ ਮਿਲ ਜਾਂਦੀ ਹੈ ਤੇ ਮਰੀਜ਼ ਨੂੰ ਪਰਚੀ ਬਣਾਉਣ ਅਤੇ ਡਾਕਟਰ ਵਲੋਂ ਚੈਕਿੰਗ ਕੀਤੇ ਜਾਣ ਦਾ ਕੋਈ ਵੀ ਪੈਸਾ ਨਹੀਂ ਵਸੂਲਿਆ ਜਾ ਰਿਹਾ।
ਹਰਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਕਾਲ ਵਿਚ ਲੋਕ ਕਾਫੀ ਗੰਭੀਰ ਬੀਮਾਰੀਆਂ ਦਾ ਸਾਹਮਣਾ ਕਰ ਰਹੇ ਹਨ। ਲੌਕਡਾਊਨ ਕਾਰਨ ਲੋਕਾਂ ਦੀ ਆਰਥਿਕ ਸਥਿਤੀ ਵੀ ਕਾਫੀ ਖਰਾਬ ਹੈ ਅਜਿਹੇ ‘ਚ ਉਨ੍ਹਾਂ ਨੂੰ ਅਜਿਹੇ ਹਸਪਤਾਲ ਦੀ ਲੋੜ ਸੀ ਜਿਥੇ ਇਕ ਤਾਂ ਉਨ੍ਹਾਂ ਦਾ ਇਲਾਜ ਵਧੀਆ ਤਰੀਕੇ ਨਾਲ ਹੋ ਸਕੇ ਤੇ ਨਾਲ ਹੀ ਉਨ੍ਹਾਂ ਕੋਲੋਂ ਵਾਧੂ ਪੈਸੇ ਵੀ ਨਾ ਵਸੂਲੇ ਜਾਣ। ਉਨ੍ਹਾਂ ਦੱਸਿਆ ਕਿ ਇਸੇ ਨੂੰ ਧਿਆਨ ‘ਚ ਰੱਖਦੇ ਹੋਏ ਚੰਡੀਗੜ੍ਹ ਵਿਖੇ ਇਹ ਹਸਪਤਾਲ ਖੋਲ੍ਹਿਆ ਗਿਆ ਹੈ ਜਿਸ ਨੂੰ ਲੋਕਾਂ ਦਾ ਕਾਫੀ ਹੁੰਗਾਰਾ ਮਿਲ ਰਿਹਾ ਹੈ ਤੇ ਸਵੇਰੇ ਹੀ 7 ਵਜੇ ਲੋਕਾਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀ ਹੈ ਤੇ ਲੋਕਾਂ ਦੇ ਟੈਸਟ ਬਹੁਤ ਹੀ ਘੱਟ ਰੇਟਾਂ ‘ਤੇ ਕੀਤੇ ਜਾ ਰਹੇ ਹਨ।