Police arrested a : ਜਲੰਧਰ : ਪੁਲਿਸ ਨੇ ਬੰਦਾ ਬਹਾਦੁਰ ਨਗਰ ਤੋਂ ਹੈਰੋਇਨ ਸਮੱਗਲਰ ਨੂੰ ਡਰੱਗ ਮਨੀ ਨਾਲ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ 25 ਗ੍ਰਾਮ ਹੈਰੋਇਨ ਅਤੇ ਲਗਭਗ ਸਵਾ ਲੱਖ ਦੀ ਡਰੱਗ ਮਨੀ ਫੜੀ ਗਈ ਹੈ। ਦੋਸ਼ੀ ਹੈਰੋਇਨ ਕਿਥੋਂ ਲਿਆਉਂਦਾ ਸੀ ਤੇ ਕਿਸ ਨੂੰ ਵੇਚਦਾ ਸੀ ਇਸ ਬਾਰੇ ਜਾਂਚ ਚੱਲ ਰਹੀ ਹੈ। ਦੋਸ਼ੀ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅੱਜ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ ਤਾਂ ਕਿ ਹੈਰੋਇਨ ਸਮਗਲਿੰਗ ਦੇ ਪੂਰੇ ਨੈਟਵਰਕ ਦਾ ਪਤਾ ਲਗਾ ਕੇ ਉਸ ‘ਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ।
ਥਾਣਾ ਡਵੀਜ਼ਨ ਦੋ ਦੇ ਏ. ਐੱਸ. ਆਈ. ਬਿੰਦਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਏ. ਐੱਸ. ਆਈ. ਫਕੀਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਬਾਬਾ ਬੰਦਾ ਬਹਾਦੁਰ ਨਗਰ ਪੈਟਰੋਲ ਪੰਪ ‘ਤੇ ਉਨ੍ਹਾਂ ਨੇ ਇੱਕ ਨੌਜਵਾਨ ਨੂੰ ਫੜਿਆ ਹੈ ਜਿਸ ਦੀ ਪਛਾਣ ਬੰਦਾ ਬਹਾਦਰ ਨਗਰ ਦੇ ਅਜੇ ਕੁਮਾਰ ਦੇ ਤੌਰ ‘ਤੇ ਹੋਈ ਹੈ ਜਿਸ ਤੋਂ ਨਸ਼ੀਲੀ ਚੀਜ਼ ਮਿਲੀ ਹੈ। ਸੂਚਨਾ ਮਿਲਦੇ ਹੀ ਮੌਕੇ ‘ਤੇ ਪੁੱਜੇ ਤੇ ਅਜੇ ਦੀ ਤਲਾਸ਼ੀ ਲਈ ਤਾ ਉਸ ਦੀ ਜੇਬ ਵਿੱਚੋਂ ਪਲਾਸਟਿਕ ਦਾ ਭਾਰੀ ਲਿਫਾਫਾ ਬਰਾਮਦ ਹੋਇਆ। ਪੁਲਿਸ ਨੇ ਖੋਲ੍ਹਿਆ ਤਾਂ ਉਸ ਦੇ ਅੰਦਰੋਂ ਛੋਟੇ-ਛੋਟੇ ਲਿਫਾਫਿਆਂ ‘ਚ ਹੈਰੋਇਨ ਮਿਲੀ ਸੀ। ਲਿਫਾਫੇ ‘ਚ ਪੈਸੇ ਵੀ ਰੱਖੇ ਹੋਏ ਸਨ। ਪੁਲਿਸ ਨੇ ਲਿਫਾਫਿਆਂ ‘ਚ ਰੱਖੀ ਹੈਰੋਇਨ ਇੱਕ ਜਗ੍ਹਾ ਕੀਤੀ ਤਾਂ ਉੁਹ 25 ਗ੍ਰਾਮ ਨਿਕਲੀ। ਪੁਲਿਸ ਨੇ ਉਸ ਨੂੰ ਜ਼ਬਤ ਕਰ ਲਿਆ। ਇਸ ਤੋਂ ਇਲਾਵਾ ਲਿਫਾਫੇ ਤੋਂ 1.18 ਲੱਖ ਬਰਾਮਦ ਹੋਏ। ਪੁਲਿਸ ਨੇ ਪੁੱਛਗਿਛ ਕੀਤੀ ਤਾਂ ਅਜੇ ਨੇ ਦੱਸਿਆ ਕਿ ਇਹ ਪੈਸੇ ਵੀ ਹੈਰੋਇਨ ਵੇਚ ਕੇ ਹੀ ਮਿਲੇ ਹਨ। ਪੁਲਿਸ ਨੇ ਉਕਤ ਡਰੱਗ ਮਨੀ ਨੂੰ ਵੀ ਜ਼ਬਤ ਕਰ ਲਿਆ।