Police officer reported : ਪੂਰੇ ਵਿਸ਼ਵ ਵਿਚ ਕੋਰੋਨਾ ਨੇ ਕੋਹਰਾਮ ਮਚਾਇਆ ਹੋਇਆ ਹੈ। ਜਿਲ੍ਹਾ ਤਰਨਤਾਰਨ ਦੇ ਖਡੂਰ ਸਾਹਿਬ ਇਲਾਕੇ ਵਿਚ ਇਕ ਥਾਣੇਦਾਰ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਉਕਤ ਥਾਣੇਦਾਰ ਨੂੰ ਆਈਸੋਲੇਸ਼ਨ ਵਾਰਡ ਵਿਚ ਭਰਤੀ ਕੀਤਾ ਗਿਆ ਹੈ। ਜਿਲ੍ਹੇ ਵਿਚ ਹੁਣ ਤਕ ਲਗਭਗ 6503 ਸੈਂਪਲ ਲੈ ਕੇ ਭੇਜੇ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 5486 ਨੈਗੇਟਿਵ ਆਏ ਹਨ। ਤਰਨਤਾਰਨ ਵਿਚ 179 ਪਾਜੀਟਿਵ ਕੇਸ ਹਨ। 838 ਰਿਪੋਰਟਾਂ ਪੈਂਡਿੰਗ ਹਨ ਤੇ ਇਸ ਵਾਇਰਸ ਨਾਲ ਤਰਨਤਾਰਨ ਵਿਚ 2 ਮੌਤਾਂ ਹੋ ਚੁੱਕੀਆਂ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਅੱਜ ਇਥੇ ਇਕ ਕੋਰੋਨਾ ਮਰੀਜ਼ ਨੇ ਕੋਰੋਨਾ ਖਿਲਾਫ ਜੰਗ ਜਿੱਤ ਲਈ ਹੈ ਅਤੇ ਉਹ ਘਰ ਪਰਤ ਗਿਆ ਹੈ।
ਪਾਜੀਟਿਵ ਵਿਅਕਤੀ ਦੀ ਪਛਾਣ ਖਡੂਰ ਸਾਹਿਬ ਇਲਾਕੇ ਵਿਚ ਰਹਿਣ ਵਾਲੇ 55 ਸਾਲਾ ਥਾਣੇਦਾਰ ਵਜੋਂ ਹੋਈ ਹੈ। ਉਕਤ ਥਾਣੇਦਾਰ ਦੀ ਡਿਊਟੀ ਅੰਮ੍ਰਿਤਸਰ ਵਿਖੇ ਹੋਰ ਵਿਅਕਤੀਆਂ ਤੇ ਅਧਿਕਾਰੀਆਂ ਨਾਲ ਲਗਾਈ ਗਈ ਸੀ। ਇਸ ਲਈ ਥਾਣੇਦਾਰ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦੇ ਸੈਂਪਲ ਵੀ ਲੈ ਕੇ ਭੇਜੇ ਜਾ ਚੁੱਕੇ ਹਨ। ਸਿਵਲ ਸਰਜਨ ਨੇ ਡਾ. ਅਨੂਪ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਾਲ ਕੰਮ ਕਰਨ ਵਾਲੇ ਅਧਿਕਾਰੀਆਂ ਤੋਂ ਇਲਾਵਾ ਥਾਣੇਦਾਰ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਵੀ ਟੈਸਟ ਲਈ ਭੇਜ ਦਿੱਤੇ ਗਏ ਹਨ ਤੇ ਸਿਹਤ ਵਿਭਾਗ ਦੀ ਟੀਮ ਵੀ ਇਸ ਨੂੰ ਲੈ ਕੇ ਜਾਗਰੂਕ ਹੋ ਗਈ ਹੈ ਤੇ ਉਨ੍ਹਾਂ ਵਿਅਕਤੀਆਂ ਨੂੰ ਛੇਤੀ ਤੋਂ ਛੇਤੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਇੰਫੈਕਟਿਡ ਵਿਅਕਤੀ ਦੇ ਸੰਪਰਕ ਵਿਚ ਆਏ ਹਨ।
ਤਰਨਤਾਰਨ ਵਿਚ ਹੁਣ ਕੋਰੋਨਾ ਦੇ 8 ਐਕਟਿਵ ਕੇਸ ਹਨ ਤੇ ਹੁਣੇ ਜਿਹੇ ਇਕ ਕੋਰੋਨਾ ਪੀੜਤ ਵਿਅਕਤੀ ਨੂੰ ਆਈਸੋਲੇਸ਼ਨ ਵਾਰਡ ਤੋਂ ਛੁੱਟੀ ਦੇ ਦਿੱਤੀ ਗਈ ਹੈ ਕਿਉਂਕਿ ਉਹ ਕੋਰੋਨਾ ਮੁਕਤ ਹੋ ਗਿਆ ਹੈ। ਕੋਰੋਨਾ ਮੁਕਤ ਵਿਅਕਤੀ ਕੁਝ ਦਿਨ ਪਹਿਲਾਂ ਮਹਾਰਾਸ਼ਟਰ ਤੋਂ ਇਥੇ ਪਰਤਿਆ ਸੀ ਅਤੇ ਉਹ ਖਡੂਰ ਸਾਹਿਬ ਦਾ ਰਹਿਣ ਵਾਲਾ ਹੈ। ਕਲ ਅੰਮ੍ਰਿਤਸਰ ਵਿਖੇ ਕੋਰੋਨਾ ਨਾਲ 3 ਮੌਤਾਂ ਹੋਈਆਂ ਜਿਸ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ਵਾਇਰਸ ਦੀ ਕੋਈ ਵੈਕਸੀਨ ਨਾ ਆਉਣ ਕਾਰਨ ਇਸ ਤੋਂ ਬਚਣ ਦਾ ਇਕੋ-ਇਕ ਉਪਾਅ ਮਾਸਕ ਨੂੰ ਪਹਿਨਣਾ ਹੈ। ਇਸ ਲਈ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਵਾਰ-ਵਾਰ ਮਾਸਕ ਪਾਉਣ ਦੀ ਅਪੀਲ ਕੀਤੀ ਜਾਰਹੀ ਹੈ।