Powercom launches crackdown : ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਅੰਮ੍ਰਿਤਸਰ ਵਿਖੇ ਅੱਜ ਸਵੇਰੇ 4.30 ਵਜੇ ਬਿਜਲੀ ਚੋਰੀ ਕਰਨ ਵਾਲਿਆਂ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਛਾਪੇਮਾਰੀ ਕੀਤੀ। ਇਹ ਕਾਰਵਾਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਪ੍ਰਿੰਸੀਪਲ ਸੈਕ੍ਰੇਟਰੀ ਸ਼੍ਰੀ ਵੇਣੂ ਪ੍ਰਸਾਦ ਦੇ ਦਿਸ਼ਾ-ਨਿਰਦੇਸ਼ਾਂ ਹੇਠ 48 ਟੀਮਾਂ ਬਣਾ ਕੇ ਕੀਤੀ ਗਈ, ਜਿਸ ਵਿਚ ਚਾਰ ਹਲਕਿਆਂ ਦੇ ਨਿਗਰਾਨ ਇੰਜੀਨੀਅਰ, ਵਧੀਕ ਨਿਗਰਾਨ ਇੰਜੀਨੀਅਰ ਤੇ ਉਪ ਮੰਡਲ ਅਫਸਰ ਹਾਜ਼ਰ ਸਨ।
PSPCL ਡਾਇਰੈਕਟਰ ਡਿਸਟ੍ਰੀਬਿਊਸ਼ਨ ਸ਼੍ਰੀ ਡੀ. ਆਈ. ਪੀ. ਐੱਸ. ਗਰੇਵਾਲ ਨੇ ਦੱਸਿਆ ਕਿ ਪੰਜਾਬ ਵਿਚ ਬਿਜਲੀ ਚੋਰੀ ਨੂੰ ਠੱਲ੍ਹ ਪਾਉਣ ਲਈ ਜੰਗੀ ਪੱਧਰ ‘ਤੇ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਅੰਮ੍ਰਿਤਸਰ ਵਿਚ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤੇ ਛਾਪੇਮਾਰੀ ਜਾਰੀ ਰਹੇਗੀ। ਛਾਪੇਮਾਰੀ ਦੌਰਾਨ ਟੀਮਾਂ ਵਲੋਂ 3010 ਨੰ. ਦੇ ਲਗਭਗ ਕੁਨੈਕਸ਼ਨ ਚੈੱਕ ਕੀਤੇ ਗਏ ਜਿਨ੍ਹਾਂ ਵਿਚੋਂ 200 ਦੇ ਲਗਭਗ ਬਿਜਲੀ ਚੋਰੀ ਕਰਦੇ ਫੜੇ ਗਏ ਤੇ 14 ਮੀਟਰ ਐੱਮ. ਈ. ਲੈਬ ਵਿਚ ਚੈੱਕ ਕਰਵਾਉਣ ਲਈ ਭੇਜੇ ਗਏ। ਇਨ੍ਹਾਂ ਵਿਰੁੱਧ ਕਾਰਵਾਈ ਕਰਦੇ ਹੋਏ ਬਿਜਲੀ ਬੋਰਡ ਨੇ ਲਗਭਗ 66 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਡੀ. ਆਈ. ਪੀ. ਐੱਸ. ਗਰੇਵਾਲ ਨੇ ਸਾਰੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਰਾਜ ਵਿਚ ਬਿਜਲੀ ਚੋਰੀ ਵਿਰੁੱਧ ਮੁਹਿੰਮ ਲਈ ਬਿਜਲੀ ਚੋਰੀ ਸਬੰਧੀ ਜਾਣਕਾਰੀ ਦੇ ਕੇ ਪਾਵਰਕਾਮ ਮਹਿਕਮੇ ਦੀ ਮਦਦ ਕਰ ਸਕਦੇ ਹਨ। ਕੋਈ ਵੀ ਵਿਅਕਤੀ ਵ੍ਹਟਸਐਪ ਨੰ. 96461-75770 ‘ਤੇ ਬਿਜਲੀ ਚੋਰੀ ਸਬੰਧੀ ਜਾਣਕਾਰੀ ਦੇ ਸਕਦਾ ਹੈ ਤੇ PSPCL ਨੇ ਇਹ ਵੀ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਪਛਾਣ ਨੂੰ ਗੁਪਤ ਰੱਖਿਆ ਜਾਵੇਗਾ।