Protest by parents :ਪ੍ਰਾਈਵੇਟ ਸਕੂਲਾਂ ਵਲੋਂ ਮਾਪਿਆਂ ਤੋਂ ਫੀਸ ਭਰਨ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ। ਕੋਰੋਨਾ ਕਾਰਨ ਉਹ ਪਹਿਲਾਂ ਹੀ ਆਰਥਿਕ ਸੰਕਟ ਨਾਲ ਜੂਝ ਰਹੇ ਹਨ ਤੇ ਦੂਜੇ ਪਾਸੇ ਫੀਸਾਂ ਮੰਗੇ ਜਾਣ ਕਾਰਨ ਮਾਪੇ ਬਹੁਤ ਪ੍ਰੇਸ਼ਾਨ ਹਨ। ਨਿੱਜੀ ਸਕੂਲਾਂ ਦੀ ਫੀਸ ਮੁਆਫੀ ਦੀ ਮੰਗ ਨੂੰ ਲੈਕੇ ਸ਼ਨੀਵਾਰ ਨੂੰ ਮਾਪੇ ਸ਼ਹਿਰਾਂ ਦੀਆਂ ਸੜਕਾਂ ‘ਤੇ ਆ ਗਏ।ਸੈਂਕੜਿਆਂ ਦੀ ਗਿਣਤੀ ਮਾਪਿਆਂ ਵਲੋਂ ਧੂਰੀ ਰੋਡ ਦੇ ਫਲਾਈਓਵਰ ਕੋਲ ਧਰਨਾ ਦਿੱਤਾ ਗਿਆ। ਧਰਨਾ ਦੇਣ ਤੋਂ ਬਾਅਦ ਸਿੱਖਿਆ ਮੰਤਰੀ ਦੀ ਰਿਹਾਇਸ਼ ਤਕ ਰੋਸ ਮਾਰਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਿੱਜੀ ਸਕੂਲ ਮਾਪਿਆਂ ‘ਤੇ ਸਕੂਲ ਫੀਸ ਭਰਨ ਦਾ ਦਬਾਅ ਬਣਾ ਰਹੇ ਹਨ।
ਫੀਸ ਨਾ ਭਰਨ ਕਾਰਨ ਵਿਦਿਆਰਥੀਆਂ ਦੇ ਨਾਂ ਕੱਟੇ ਜਾਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਅਜਿਹੇ ਵਿਚ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਨਿੱਜੀ ਸਕੂਲਾਂ ਨੂੰ ਫੀਸ ਮੁਆਫ ਕਰਨ ਲਈ ਕੈਬਨਿਟ ਵਿਚ ਫੈਸਲਾ ਪਾਸ ਕਰੇ। ਪ੍ਰਦਰਸ਼ਨ ਨੂੰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਸਮਰਥਨ ਵੀ ਦਿੱਤਾਗਿਆ। ਮਾਪਿਆਂ ਵਲੋਂ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਕਾਰਨ ਮਾਰਚ ਤੋਂ ਸਕੂਲ ਬੰਦ ਹਨ ਪਰ ਇਸ ਦੇ ਬਾਵਜੂਦ ਨਿੱਜੀ ਸਕੂਲ ਫੀਸਾਂ ਭਰਨ ਦਾ ਦਬਾਅ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਪਹਿਲਾਂ ਸਕੂਲਾਂ ਵਲੋਂ ਜਿੰਨੀ ਫੀਸ ਮੰਗੀ ਗਈ ਉਨ੍ਹਾਂ ਨੂੰ ਦਿੱਤੀ ਗਈ ਪਰ ਹੁਣ ਮਹਾਮਾਰੀ ਵਰਗੇ ਨਾਜ਼ੁਕ ਹਾਲਾਤਾਂ ਵਿਚਸਕੂਲ ਵੀ ਮਾਪਿਆਂ ਦਾ ਬਿਲਕੁਲ ਸਾਥ ਨਹੀਂ ਦੇ ਰਹੇ।
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਸ਼ੁਰੂ ਤੋਂ ਹੀ ਮਾਪਿਆਂ ਦੇ ਨਾਲ ਖੜੀ ਹੈ। ਸਰਕਾਰ ਨੇ ਹੁਕਮ ਦਿੱਤਾ ਹੈ ਕਿ ਜੋ ਸਕੂਲ ਆਨਲਾਈਨ ਸਿੱਖਿਆ ਦੇ ਰਹੇ ਹਨ ਉਹ ਸਿਰਫ ਟਿਊਸ਼ਨ ਫੀਸ ਲੈ ਸਕਦਾ ਹੈ। ਕੋਈ ਸਕੂਲ ਕਿਸੇ ਤਰ੍ਹਾਂ ਦੀ ਲੇਟ ਫੀਸ ਵੀ ਚਾਰਜ ਨਹੀਂ ਕਰੇਗਾ। ਜੇਕਰ ਫੀਸ ਨੂੰ ਲੈ ਕੇ ਕਿਸੇ ਵਿਦਿਆਰਥੀ ਦਾ ਨਾਂ ਕੱਟਿਆ ਜਾਂਦਾ ਹੈ ਤਾਂ ਉਸਦੀ ਸ਼ਿਕਾਇਤ ਜਿਲ੍ਹਾ ਸਿੱਖਿਆ ਅਧਿਕਾਰੀ ਨੂੰ ਦਿੱਤੀ ਜਾਵੇ।